ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਧਮਾਕਾ: ਕਬੱਡੀ ਸਟਾਰ ਸੰਦੀਪ ਲੁਧੜ ਸਮੇਤ ਕਾਂਗਰਸ-ਅਕਾਲੀ ਦਲ ਦੇ ਕਈ ਪਰਿਵਾਰ ਪਾਰਟੀ 'ਚ ਸ਼ਾਮਲ

By:  Lajwinder Kaur May 20th 2026 03:12 PM -- Updated: May 20th 2026 03:30 PM

ਆਮ ਆਦਮੀ ਪਾਰਟੀ (AAP) ਦੇ ਪਰਿਵਾਰ ਵਿੱਚ ਅੱਜ ਉਸ ਵੇਲੇ ਇੱਕ ਹੋਰ ਵੱਡਾ ਅਤੇ ਸ਼ਾਨਦਾਰ ਵਾਧਾ ਹੋਇਆ, ਜਦੋਂ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ 'ਆਪ' ਵਿੱਚ ਆਉਣ 'ਤੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕਰਨ ਵਾਲੇ ਅਜਿਹੇ ਸਿਰਕੱਢ ਨੌਜਵਾਨਾਂ ਦਾ ਸਾਥ ਮਿਲਣ ਨਾਲ 'ਰੰਗਲਾ ਪੰਜਾਬ' ਸਿਰਜਣ ਦੀ ਮੁਹਿੰਮ ਨੂੰ ਹੋਰ ਤਾਕਤ ਮਿਲੇਗੀ।

CM ਮਾਨ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ 

ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਐਕਸ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- “ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਇੱਕ ਹੋਰ ਬਹੁਤ ਹੀ ਸ਼ਾਨਦਾਰ ਵਾਧਾ ਹੋਇਆ ਹੈ.. ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਜੀ ਨੇ ਅੱਜ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਮੈਂ ਪਾਰਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਾ ਹਾਂ। ਖੇਡ ਮੈਦਾਨਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਸਾਥ ਸਾਨੂੰ 'ਰੰਗਲਾ ਪੰਜਾਬ' ਸਿਰਜਣ ਦੀ ਮੁਹਿੰਮ ਵਿੱਚ ਹੋਰ ਤਾਕਤ ਦੇਵੇਗਾ। ਉਨ੍ਹਾਂ ਦੇ ਤਜ਼ਰਬੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੱਡੀ ਮਦਦ ਮਿਲੇਗੀ। ਆਓ ਸਾਰੇ ਰਲ ਕੇ ਪੰਜਾਬ ਦੀ ਜਵਾਨੀ ਅਤੇ ਖੇਡਾਂ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਈਏ..’’

ਦੱਸ ਦਈਏ ਪਿਛਲੇ ਮਹੀਨੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕਈ ਨਾਮਵਾਰ ਖਿਡਾਰੀਆਂ ਨੇ ਆਪ ਦਾ ਪੱਲਾ ਫੜਿਆ ਹੈ। ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੀ ਸਿਆਸਤ ਦੇ ਦਿੱਗਜ ਨੇਤਾ ਸੁਰਜੀਤ ਸਿੰਘ ਰੱਖੜਾ ਨੇ ਵੀ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ। 

ਅਕਾਲੀ ਦਲ ਅਤੇ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ

ਚੋਣ ਸਰਗਰਮੀਆਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਵਾਰਡ ਨੰਬਰ 43 ਵਿੱਚ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਹੰਸਰਾਜ ਸਿੰਘ ਨਾਹਰ ਦੇ ਹੱਕ ਵਿੱਚ ਕਈ ਪਰਿਵਾਰਾਂ ਨੇ ਪਾਰਟੀ ਦਾ ਪੱਲਾ ਫੜ ਲਿਆ। ਇਹ ਸਾਰੇ ਪਰਿਵਾਰ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਪਾਰਟੀ ਵਿੱਚ ਆਏ ਸਾਰੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਵਾਰਡ ਵਾਸੀਆਂ ਵੱਲੋਂ ਮਿਲ ਰਿਹਾ ਇਹ ਭਰਵਾਂ ਸਮਰਥਨ ਸਾਫ਼ ਕਰਦਾ ਹੈ ਕਿ ਲੋਕ ਹੁਣ ਵਿਕਾਸ, ਇਮਾਨਦਾਰ ਰਾਜਨੀਤੀ ਅਤੇ ਬਦਲਾਅ ਦੀ ਸੋਚ ਨਾਲ ਅੱਗੇ ਵਧ ਰਹੇ ਹਨ।

© Copyright Galactic Television & Communications Pvt. Ltd. 2026. All rights reserved.