ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! BJP ਨੂੰ ਵੱਡਾ ਝਟਕਾ; ਸੀਨੀਅਰ ਆਗੂ ਨੇ ਛੱਡੀ ਪਾਰਟੀ, ਅਗਲੇ ਕਦਮ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ….

By:  Lajwinder Kaur June 22nd 2026 02:06 PM -- Updated: June 22nd 2026 02:19 PM

ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਅਖਾੜੇ 'ਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਕਈ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਇੱਕ ਨਵਾਂ ਮੋੜ ਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਨ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਐਤਵਾਰ (21 ਜੂਨ) ਨੂੰ ਕੀਤੇ ਗਏ ਇਸ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਉਨ੍ਹਾਂ ਦੇ ਅਗਲੇ ਕਦਮ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਸਿਆਸੀ ਸਫ਼ਰ ਦਾ ਲੰਬਾ ਤਜਰਬਾ

ਪੰਜਾਬ ਦੀ ਸਿਆਸਤ ‘ਚ ਗੁਰਪ੍ਰੀਤ ਸਿੰਘ ਭੱਟੀ ਜਾਣਿਆ-ਪਛਾਣਿਆ ਨਾਂਅ ਹੈ। ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਵਿੱਚ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਾਫੀ ਕਰੀਬੀ ਰਹੇ ਹਨ। ਸਮਾਂ ਬੀਤਣ ਨਾਲ ਉਨ੍ਹਾਂ ਨੇ ਸਿਆਸੀ ਪਾਸਾ ਪਲਟਿਆ ਅਤੇ ਮਨਪ੍ਰੀਤ ਸਿੰਘ ਬਾਦਲ ਤੇ ਭਗਵੰਤ ਮਾਨ ਦੇ ਨਾਲ ਮਿਲ ਕੇ 'ਪੀਪਲਜ਼ ਪਾਰਟੀ ਆਫ਼ ਪੰਜਾਬ' (PPP) ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ।

ਤਿੰਨ ਪਾਰਟੀਆਂ, ਤਿੰਨ ਚੋਣਾਂ ਪਰ ਜਿੱਤ ਅਜੇ ਵੀ ਦੂਰ

ਭੱਟੀ ਦਾ ਚੋਣਾਂ ਨਾਲ ਇੱਕ ਲੰਬਾ ਅਤੇ ਸੰਘਰਸ਼ਪੂਰਨ ਸਬੰਧ ਰਿਹਾ ਹੈ। ਉਨ੍ਹਾਂ ਦਾ ਸਿਆਸੀ ਸਫਰ ਕਈ ਪਾਰਟੀਆਂ ਵਿੱਚੋਂ ਗੁਜ਼ਰਿਆ ਹੈ:

2012: ਪੀਪੀਪੀ (PPP) ਦੀ ਟਿਕਟ 'ਤੇ ਖੰਨਾ ਹਲਕੇ ਤੋਂ ਚੋਣ ਲੜੀ।

2017: ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਕੇ ਅਮਲੋਹ ਹਲਕੇ ਤੋਂ ਕਿਸਮਤ ਅਜ਼ਮਾਈ।

2022: ਭਾਜਪਾ (BJP) ਦੇ ਉਮੀਦਵਾਰ ਵਜੋਂ ਖੰਨਾ ਤੋਂ ਚੋਣ ਮੈਦਾਨ ਵਿੱਚ ਉਤਰੇ।

ਦਿਲਚਸਪ ਗੱਲ ਇਹ ਹੈ ਕਿ ਤਿੰਨ ਵੱਖ-ਵੱਖ ਪਾਰਟੀਆਂ ਨਾਲ ਜੁੜਨ ਦੇ ਬਾਵਜੂਦ, ਉਹ ਹਾਲੇ ਤੱਕ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਸਵਾਦ ਨਹੀਂ ਚੱਖ ਸਕੇ।

ਅਗਲਾ ਕਦਮ ਕੀ ਹੋਵੇਗਾ?

ਫਿਲਹਾਲ ਭੱਟੀ ਨੇ ਆਪਣੇ ਅਗਲੇ ਸਿਆਸੀ ਕਦਮ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਕੋਈ ਨਵੀਂ ਰਣਨੀਤੀ ਬਣਾਉਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਹ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਸਕਦਾ ਹੈ।

© Copyright Galactic Television & Communications Pvt. Ltd. 2026. All rights reserved.