ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਆਓ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਇਸ ਲੜੀ ਦੇ ਤਹਿਤ ਆਪ ਹੋਰ ਮਜ਼ਬੂਤ ਹੋਈ ਹੈ, ਜਿੱਥੇ ਹਲਕਾ ਬਾਬਾ ਬਕਾਲਾ ਤੋਂ ਕਈ ਨਾਮੀ ਸੀਨੀਅਰ ਆਗੂ ਆਪ ਦੇ ਵਿੱਚ ਸ਼ਾਮਿਲ ਹੋਏ ਹਨ।
ਆਮ ਆਦਮੀ ਪਾਰਟੀ (ਪੰਜਾਬ) ਨੂੰ ਹਲਕਾ ਬਾਬਾ ਬਕਾਲਾ ਵਿੱਚ ਉਸ ਸਮੇਂ ਵੱਡਾ ਸਿਆਸੀ ਬਲ ਮਿਲਿਆ, ਜਦੋਂ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਅਤੇ ਤਿੰਨ ਵਾਰ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਸਮੇਤ ਰਸਮੀ ਤੌਰ 'ਤੇ ‘ਆਪ’ ਵਿੱਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਦੇ ਓ.ਐਸ.ਡੀ. ਨੇ ਕਰਵਾਇਆ ਸ਼ਾਮਿਲ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ, ਜਿਨ੍ਹਾਂ ਨੇ ਛੱਜਲਵੱਡੀ ਪਰਿਵਾਰ ਨੂੰ ਪਾਰਟੀ ਦਾ ਅਹੁਦਾ ਅਤੇ ਨਿੱਘਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਪਾਰਟੀ ਦੀ ਇਸ ਨਵੀਂ ਮਜ਼ਬੂਤੀ ਨਾਲ ਇਲਾਕੇ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣ ਦੀ ਸੰਭਾਵਨਾ ਹੈ।
ਸਿਆਸੀ ਪਿਛੋਕੜ ਅਤੇ ਮਹੱਤਤਾ
ਸਤਿੰਦਰਜੀਤ ਸਿੰਘ ਛੱਜਲਵੱਡੀ ਇਸ ਤੋਂ ਪਹਿਲਾਂ 'ਅਕਾਲੀ ਦਲ ਪੁਨਰ ਸੁਰਜੀਤ' ਦੇ ਮੌਜੂਦਾ ਹਲਕਾ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਉਨ੍ਹਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਚੋਣ ਵੀ ਲੜੀ ਸੀ। ਛੱਜਲਵੱਡੀ ਪਰਿਵਾਰ ਦਾ ਹਲਕਾ ਬਾਬਾ ਬਕਾਲਾ ਵਿੱਚ ਲੰਬੇ ਸਮੇਂ ਤੋਂ ਲੋਕਾਂ ਨਾਲ ਗੂੜ੍ਹਾ ਅਤੇ ਮਜ਼ਬੂਤ ਸੰਪਰਕ ਰਿਹਾ ਹੈ, ਜਿਸ ਦਾ ਫ਼ਾਇਦਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਿਲੇਗਾ।