ਅੰਮ੍ਰਿਤਪਾਲ ਸਿੰਘ 14 ਨਵੰਬਰ ਨੂੰ ਨਹੀਂ ਆਉਣਗੇ ਪੰਜਾਬ, ਦਾਦੀ ਦਾ ਅੰਤਿਮ ਸਸਕਾਰ ਵੀ ਟਲਿਆ; 'ਵਾਰਿਸ ਪੰਜਾਬ ਦੇ' ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ 14 ਨਵੰਬਰ ਨੂੰ ਪੰਜਾਬ ਨਹੀਂ ਆ ਰਹੇ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਉਨ੍ਹਾਂ ਦੀ ਦਾਦੀ ਦਾ ਅੱਜ ਹੋਣ ਵਾਲਾ ਅੰਤਿਮ ਸਸਕਾਰ ਵੀ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

By:  Lajwinder Kaur November 14th 2026 12:44 PM -- Updated: November 14th 2026 12:49 PM

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (MP) ਭਾਈ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਅਤੇ ਉਨ੍ਹਾਂ ਦੀ ਦਾਦੀ ਮਾਤਾ ਚਰਨ ਕੌਰ ਜੀ ਦੇ ਅੰਤਿਮ ਸਸਕਾਰ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ 14 ਨਵੰਬਰ ਨੂੰ ਪੰਜਾਬ ਨਹੀਂ ਆ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਉਨ੍ਹਾਂ ਦੀ ਦਾਦੀ ਦਾ ਅੱਜ ਹੋਣ ਵਾਲਾ ਅੰਤਿਮ ਸਸਕਾਰ ਵੀ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

ਕਾਨੂੰਨੀ ਪ੍ਰਕਿਰਿਆ ਕਾਰਨ ਹੋਈ ਦੇਰੀ

ਪਾਰਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਪਰਿਵਾਰਕ ਸੂਤਰਾਂ ਮੁਤਾਬਕ, ਭਾਵੇਂ ਅਦਾਲਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਹੋਣ ਵਿੱਚ ਲੱਗ ਰਹੇ ਸਮੇਂ ਕਾਰਨ ਅੱਜ ਉਨ੍ਹਾਂ ਦਾ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਪਹੁੰਚਣਾ ਸੰਭਵ ਨਹੀਂ ਹੋ ਸਕਿਆ।

ਚਾਚਾ ਸੁਖਚੈਨ ਸਿੰਘ ਗਿੱਲ ਅਤੇ ਲੀਗਲ ਟੀਮ ਦਾ ਬਿਆਨ

ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਆਉਣ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਅੱਜ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਲੀਗਲ ਟੀਮ ਅੱਜ ਮੁੜ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖੇਗੀ ਤਾਂ ਜੋ ਨਵੀਆਂ ਤਰੀਕਾਂ ਮੁਤਾਬਕ ਉਨ੍ਹਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿਵਾਈ ਜਾ ਸਕੇ।

ਸੰਗਤ ਨੂੰ ਅਪੀਲ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਆਗੂਆਂ ਨੇ ਸਮੂਹ ਸੰਗਤ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਹਾਲ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਪਹੁੰਚਣ ਦੀ ਕਾਹਲੀ ਨਾ ਕਰਨ। ਪਾਰਟੀ ਨੇ ਭਰੋਸਾ ਦਿਵਾਇਆ ਹੈ ਕਿ ਅੰਤਿਮ ਸਸਕਾਰ ਦੇ ਅਗਲੇ ਪ੍ਰੋਗਰਾਮ ਅਤੇ ਨਵੀਂ ਤਰੀਕ ਬਾਰੇ ਅਧਿਕਾਰਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।


Related Post

ਸ੍ਰੀ ਅਨੰਦਪੁਰ ਸਾਹਿਬ 'ਚ 6 ਕਰੋੜ ਦੀ ਲਾਗਤ ਨਾਲ ਬਣੇਗਾ 'ਭਾਈ ਜੈਤਾ ਜੀ ਟਰੌਮਾ ਸੈਂਟਰ', ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ
SAD ਨੇ ਖਿੱਚੀ ਚੋਣਾਂ 2027 ਦੀ ਤਿਆਰੀ, ਰਾਏਕੋਟ ਤੋਂ ਇਸ ਆਗੂ ਨੂੰ ਐਲਾਨਿਆ ਉਮੀਦਵਾਰ, ਸੁਖਬੀਰ ਬਾਦਲ ਨੇ ਨਾਲ ਹੀ ਸੌਂਪੀ ਹਲਕੇ ਦੀ ਜ਼ਿੰਮੇਵਾਰੀ
CM ਮਾਨ ਨੇ ਲਾਂਚ ਕੀਤਾ 'ਪੰਜਾਬ ਦਾ ਕਰੋੜਪਤੀ' ਪੋਰਟਲ, ਇੱਕ ਖੁਸ਼ਕਿਸਮਤ ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ; ਜਾਣੋ ਕਿਵੇਂ ਲੈ ਸਕਦੇ ਹੋ ਹਿੱਸਾ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਤੇਜ਼, 18 ਨਵੰਬਰ ਨੂੰ ਪਹੁੰਚਣਗੇ ਰਾਜ ਚੋਣ ਕਮਿਸ਼ਨਰ; ਦਸੰਬਰ ‘ਚ ਇਸ ਤਰੀਕ ਨੂੰ ਵੋਟਿੰਗ ਦੀ ਸੰਭਾਵਨਾ
ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ, CM ਮਾਨ ਕਰਨਗੇ 'ਪੰਜਾਬ ਦਾ ਕਰੋੜਪਤੀ' ਮੁਕਾਬਲੇ ਦੀ ਸ਼ੁਰੂਆਤ
ਅਕਾਲੀ ਦਲ 'ਚ ਵੱਡਾ ਫੇਰਬਦਲ! ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

© Copyright Galactic Television & Communications Pvt. Ltd. 2026. All rights reserved.