ਮੌਸਮ ਦਾ ਹਾਲ: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ, ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ

By:  Lajwinder Kaur April 3rd 2026 09:27 AM -- Updated: April 3rd 2026 09:33 AM

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀਕਿ ਸ਼ੁੱਕਰਵਾਰ ਅਤੇ ਭਲਕੇ ਕਈ ਥਾਵਾਂ 'ਤੇ ਗਰਜ-ਚਮਕ ਦੇ ਨਾਲ ਮੀਂਹ, ਬਿਜਲੀ ਗਰਜਣ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ, ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਵਿਭਾਗ ਵੱਲੋਂ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਬਾਰਿਸ਼ ਸ਼ੁਰੂ ਹੋ ਗਈ ਹੈ। ਮੀਂਹ ਪੈਣ ਕਰਕੇ ਕਿਸਾਨਾਂ ਦੀ ਚਿੰਤਾਵਾਂ ਵੱਧ ਗਈਆਂ ਹਨ।

ਦੂਜੇ ਪਾਸੇ, ਪਿਛਲੇ ਕੁੱਝ ਸਮੇਂ ‘ਚ ਤਾਪਮਾਨ ਵਿੱਚ 3.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਹੁਣ ਆਮ ਨਾਲੋਂ 3.3 ਡਿਗਰੀ ਉੱਪਰ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 36.8 ਡਿਗਰੀ ਦਰਜ ਕੀਤਾ ਗਿਆ ਹੈ।

12 ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦੀ ਸੰਭਾਵਨਾ

ਪੰਜਾਬ ਦੇ ਕੁੱਲ 22 ਜ਼ਿਲ੍ਹਿਆਂ ਵਿੱਚ ਖ਼ਰਾਬ ਮੌਸਮ ਦਾ ਅਸਰ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਸੂਬੇ ਦੇ 12 ਜ਼ਿਲ੍ਹਿਆਂ- ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਵਿੱਚ ਤੇਜ਼ ਹਨ੍ਹੇਰੀ ਅਤੇ ਬਿਜਲੀ ਕੜਕਣ ਦੇ ਨਾਲ-ਨਾਲ ਗੜ੍ਹੇਮਾਰੀ ਹੋਣ ਦੀ ਵੱਡੀ ਸੰਭਾਵਨਾ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ।

ਦੂਜੇ ਪਾਸੇ, ਬਾਕੀ ਰਹਿੰਦੇ 10 ਜ਼ਿਲ੍ਹਿਆਂ—ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ-ਚਮਕ ਹੋ ਸਕਦੀ ਹੈ।

14 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਹਾਲੀ ਵਿੱਚ ਵੀ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

7 ਅਪ੍ਰੈਲ ਤੋਂ ਨਵਾਂ ਵੈਸਟਨ ਡਿਸਟਰਬਨ ਸਰਗਰਮ ਹੋਵੇਗਾ

ਮੌਸਮ ਵਿਭਾਗ ਅਨੁਸਾਰ, ਪੂਰਬੀ ਇਰਾਨ ਅਤੇ ਨਾਲ ਲੱਗਦੇ ਅਫ਼ਗਾਨਿਸਤਾਨ ਉੱਤੇ 3.1 ਤੋਂ 7.6 ਕਿਲੋਮੀਟਰ ਦੀ ਉਚਾਈ 'ਤੇ ਇੱਕ ਵੈਸਟਨ ਡਿਸਟਰਬਨ ਬਣੀ ਹੋਈ ਹੈ। ਇਸ ਦੇ ਨਾਲ ਹੀ, ਦੱਖਣ-ਪੂਰਬੀ ਪਾਕਿਸਤਾਨ ਅਤੇ ਕੱਛ ਦੇ ਇਲਾਕਿਆਂ ਵਿੱਚ 1.5 ਕਿਲੋਮੀਟਰ ਦੀ ਉਚਾਈ 'ਤੇ ਬਣਿਆ ਚੱਕਰਵਾਤੀ ਘੇਰਾ ਹੁਣ ਇਸ ਗੜਬੜ ਨਾਲ ਜੁੜ ਗਿਆ ਹੈ। ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ 7 ਅਪ੍ਰੈਲ 2026 ਤੋਂ ਇੱਕ ਨਵੀਂ ਪੱਛਮੀ ਗੜਬੜ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ ਮੌਸਮ ਵਿੱਚ ਮੁੜ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

8 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਸੂਬੇ ਵਿੱਚ 3, 4, 7 ਅਤੇ 8 ਅਪ੍ਰੈਲ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, 5 ਅਤੇ 6 ਅਪ੍ਰੈਲ ਨੂੰ ਵੀ ਕੁਝ ਚੋਣਵੀਆਂ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ, ਅਗਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ, ਪਰ ਉਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ।

ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਲ੍ਹਿਆਂ ਦਾ ਤਾਪਮਾਨ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਅੰਕੜਿਆਂ ਅਨੁਸਾਰ ਪਟਿਆਲਾ ਵਿੱਚ ਸਭ ਤੋਂ ਵੱਧ 36.8°C ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ, ਫਾਜ਼ਿਲਕਾ ਅਤੇ ਰੂਪਨਗਰ ਵਿੱਚ ਤਾਪਮਾਨ 35.7°C ਰਿਹਾ। ਹੋਰਨਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ 35.6°C, ਫਰੀਦਕੋਟ ਵਿੱਚ 35.0°C, ਅਤੇ ਮੋਹਾਲੀ ਵਿੱਚ 34.8°C ਤਾਪਮਾਨ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ ਪਾਰਾ 34.0°C, ਐਸ.ਬੀ.ਐਸ ਨਗਰ ਵਿੱਚ 33.8°C, ਅਤੇ ਫਿਰੋਜ਼ਪੁਰ ਵਿੱਚ 33.6°C ਰਿਹਾ। ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਵਿੱਚ 32.7°C ਦਰਜ ਹੋਇਆ ਹੈ, ਜਦਕਿ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਤਾਪਮਾਨ 33.3°C ਰਿਹਾ।


© Copyright Galactic Television & Communications Pvt. Ltd. 2026. All rights reserved.