ਪੰਜਾਬੀ ਸਾਵਧਾਨ! ਤਿੱਖੀ ਗਰਮੀ ਵਿਚਾਲੇ ਲੱਗੇਗਾ ਬਿਜਲੀ ਦਾ ਕੱਟ, ਇਸ ਵਜ੍ਹਾ ਕਰਕੇ 8 ਘੰਟੇ ਬੱਤੀ ਰਹੇਗੀ ਗੁੱਲ

By:  Lajwinder Kaur April 21st 2026 10:21 AM -- Updated: April 21st 2026 10:49 AM

ਇਸ ਸਮੇਂ ਉੱਤਰ ਭਾਰਤ ਦੇ ਵਿੱਚ ਬੁਰੇ ਵਾਲੀ ਗਰਮੀ ਪੈ ਰਹੀ ਹੈ। ਪੰਜਾਬ ਦੇ ਵਿੱਚ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਤੇਜ਼ ਧੁੱਪ ਕਰਕੇ ਲੋਕਾਂ ਦਾ ਘਰ ਤੋਂ  ਬਾਹਰ ਨਿਕਲਣ ਵੀ ਮੁਸ਼ਕਿਲ ਹੋ ਗਿਆ ਤੇ ਉਪਰ ਜੇ ਬਿਜਲੀ ਦਾ ਕੱਟ ਲੱਗ ਗਿਆ ਤਾਂ ਘਰ 'ਚ ਵੀ ਬੈਠਣਾ ਔਖਾ ਹੋ ਜਾਂਦਾ ਹੈ।

ਫੀਡਰ ਦੀ ਮੁਰੰਮਤ ਕਾਰਨ 8 ਘੰਟੇ ਨਹੀਂ ਆਵੇਗੀ ਬਿਜਲੀ

ਗਰਮੀ ਦੇ ਮੌਸਮ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਪਾਵਰ ਗ੍ਰਿਡ ਦੀ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਮੰਗਲਵਾਰ ਨੂੰ ਪਠਾਨਕੋਟ ਸ਼ਹਿਰ ਅਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ 8 ਘੰਟੇ ਲਈ ਬੰਦ ਰਹੇਗੀ। ਜਾਣਕਾਰੀ ਅਨੁਸਾਰ, 66 ਕੇਵੀ ਰਾਣੀਪੁਰ, ਡੇਅਰੀਵਾਲ, ਤਾਰਾਗੜ੍ਹ, ਨਰੋਟ ਜੈਮਲ ਸਿੰਘ ਅਤੇ ਸੁਜਾਨਪੁਰ ਤੋਂ ਚੱਲਣ ਵਾਲੇ ਸਾਰੇ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

ਸ਼ਹਿਰੀ ਇਲਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਉੱਤਰੀ ਪਠਾਨਕੋਟ ਦੇ SDO ਜਤਿੰਦਰ ਸ਼ਰਮਾ ਨੇ ਦੱਸਿਆ ਕਿ 11 ਕੇਵੀ ਆਨੰਦਪੁਰ ਫੀਡਰ ਅਤੇ 11 ਕੇਵੀ ਅਬਰੋਲ ਨਗਰ ਫੀਡਰ ਦੀ ਸਪਲਾਈ ਵੀ 21 ਅਪ੍ਰੈਲ, ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਜਾਂ ਪੂਰੀ ਤਰ੍ਹਾਂ ਬੰਦ ਰਹੇਗੀ। ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਅਨੁਸਾਰ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ।

ਜ਼ਰੂਰੀ ਕੰਮਾਂ ਲਈ ਪਹਿਲਾਂ ਹੀ ਕਰੋ ਬਦਲਵੇਂ ਪ੍ਰਬੰਧ

ਉਨ੍ਹਾਂ ਦੱਸਿਆ ਕਿ ਬਿਜਲੀ ਦੇ ਇਸ ਸ਼ੱਟਡਾਊਨ ਕਾਰਨ ਉਨ੍ਹਾਂ ਦੇ ਦਫ਼ਤਰ ਅਧੀਨ ਆਉਂਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ, ਤਾਂ ਉਸ ਲਈ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲੈਣ। ਅਜਿਹਾ ਇਸ ਲਈ ਕਿਹਾ ਗਿਆ ਹੈ ਤਾਂ ਜੋ ਬਿਜਲੀ ਸਪਲਾਈ ਬੰਦ ਰਹਿਣ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਬਿਜਲੀ ਕੱਟ ਦੌਰਾਨ ਹੋਣ ਵਾਲੀ ਪਰੇਸ਼ਾਨੀ ਤੋਂ ਬਚਣ ਲਈ ਕੁਝ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣੇ ਚਾਹੀਦੇ 

ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ, ਲੈਪਟਾਪ ਅਤੇ ਪਾਵਰ ਬੈਂਕ ਨੂੰ ਪੂਰੀ ਤਰ੍ਹਾਂ ਚਾਰਜ ਕਰ ਲਓ। ਪੀਣ ਵਾਲੇ ਪਾਣੀ ਦੀ ਕਿੱਲਤ ਨਾ ਹੋਵੇ, ਇਸ ਲਈ ਪਾਣੀ ਵਾਲੀ ਟੈਂਕੀ ਭਰ ਲਓ ਅਤੇ ਪੀਣ ਵਾਲਾ ਪਾਣੀ ਅਲੱਗ ਭਾਂਡਿਆਂ ਵਿੱਚ ਵੀ ਸਟੋਰ ਕਰ ਲਓ। ਜੇਕਰ ਤੁਸੀਂ ਘਰੋਂ ਕੰਮ ਕਰਦੇ ਹੋ, ਤਾਂ ਇੰਟਰਨੈੱਟ ਦੇ ਬਦਲਵੇਂ ਪ੍ਰਬੰਧ ਰੱਖੋ। ਰਸੋਈ ਨਾਲ ਸਬੰਧਤ ਕੰਮ ਜਿਵੇਂ ਕਿ ਮਸਾਲੇ ਪੀਸਣਾ ਜਾਂ ਮਿਕਸੀ ਦੀ ਵਰਤੋਂ ਵਾਲੇ ਕੰਮ ਪਹਿਲਾਂ ਹੀ ਕਰ ਲਓ। ਇਸ ਤੋਂ ਇਲਾਵਾ, ਜੇਕਰ ਘਰ ਵਿੱਚ ਇਨਵਰਟਰ ਹੈ, ਤਾਂ ਉਸ ਦੀ ਬੈਟਰੀ ਚੈੱਕ ਕਰ ਲਓ ਅਤੇ ਗਰਮੀ ਤੋਂ ਬਚਣ ਲਈ ਕਮਰਿਆਂ ਨੂੰ ਠੰਡਾ ਰੱਖਣ ਦੇ ਯਤਨ ਕਰੋ ਤਾਂ ਜੋ ਬਿਜਲੀ ਦੇ ਕੱਟ ਦੌਰਾਨ ਦਿੱਕਤ ਨਾ ਆਵੇ।

ਟੈਲੀਫੋਨ ਐਕਸਚੇਂਜ, ਸਿਟੀ ਅਤੇ ਸੈਲੀ ਰੋਡ ਫੀਡਰ ਵੀ ਰਹਿਣਗੇ ਬੰਦ

ਸਹਾਇਕ ਇੰਜੀਨੀਅਰ ਮਨਦੀਪ ਸੈਣੀ ਨੇ ਦੱਸਿਆ ਕਿ 11 ਕੇਵੀ ਪ੍ਰੀਤਪੁਰ ਫੀਡਰ, 11 ਕੇਵੀ ਟੈਲੀਫੋਨ ਐਕਸਚੇਂਜ, ਸਿਟੀ ਫੀਡਰ ਅਤੇ ਸੈਲੀ ਰੋਡ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਪ੍ਰਭਾਵਿਤ ਰਹੇਗੀ। ਪਾਵਰਕੌਮ ਉਪ-ਮੰਡਲ ਸੁਜਾਨਪੁਰ ਦੇ ਅਧੀਨ ਆਉਂਦੇ 66 ਕੇਵੀ ਫੀਡਰਾਂ ਦੀ ਮੁਰੰਮਤ (ਮੇਨਟੇਨੈਂਸ) ਦੇ ਕੰਮ ਕਾਰਨ ਮੰਗਲਵਾਰ ਨੂੰ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।


© Copyright Galactic Television & Communications Pvt. Ltd. 2026. All rights reserved.