ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ: ਮੋਦੀ ਕੈਬਨਿਟ ‘ਚ ਪੰਜਾਬ ਤੋਂ ਇਕਲੌਤੇ ਮੰਤਰੀ ਸਨ, ਬਿੱਟੂ ਬੋਲੇ- 'ਪੰਜਾਬ 'ਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ...'

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮਨਜ਼ੂਰ ਕਰ ਲਿਆ। ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋਣ ਅਤੇ ਦੁਬਾਰਾ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਪਦ ਛੱਡਿਆ। ਬਿੱਟੂ ਨੇ ਕਿਹਾ ਕਿ ਹੁਣ ਉਹ ਪੂਰਾ ਧਿਆਨ ਪੰਜਾਬ 'ਤੇ ਦੇਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਮਜ਼ਬੂਤ ਕਰਨ ਵਿੱਚ ਜੁਟਣਗੇ। ਕਾਂਗਰਸ ਛੱਡ ਕੇ 2024 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਬਿੱਟੂ ਰੇਲ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਹਿ ਚੁੱਕੇ ਹਨ।

By:  Lajwinder Kaur July 25th 2026 10:34 AM -- Updated: July 25th 2026 11:20 AM

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਬਿੱਟੂ ਨੂੰ ਕੁਝ ਸਮਾਂ ਪਹਿਲਾਂ ਭਾਜਪਾ ਨੇ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਸੀ, ਜਿਸ ਵਜੋਂ ਉਹ ਹੁਣ ਸੰਸਦ ਮੈਂਬਰ ਨਹੀਂ ਸਨ।

ਉਹ ਕੇਂਦਰ ਸਰਕਾਰ ਵਿੱਚ ਪੰਜਾਬ ਤੋਂ ਭਾਜਪਾ ਦੇ ਇਕਲੌਤੇ ਰਾਜ ਮੰਤਰੀ ਸਨ, ਉਨ੍ਹਾਂ ਨੂੰ ਰੇਲ ਰਾਜ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵਿਭਾਗ ਦਿੱਤਾ ਗਿਆ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਹੁਣ ਬਿੱਟੂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ।

ਰਵਨੀਤ ਬਿੱਟੂ ਨੇ ਲੁਧਿਆਣਾ ਤੋਂ 2024 ਦੀ ਲੋਕ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਇਆ। ਇਸ ਤੋਂ ਬਾਅਦ 21 ਜੂਨ ਨੂੰ ਕਾਰਜਕਾਲ ਖ਼ਤਮ ਹੋ ਗਿਆ।

ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਜਗ੍ਹਾ ਅੰਮ੍ਰਿਤਸਰ ਤੋਂ ਭਾਜਪਾ ਆਗੂ ਤਰੁਣ ਚੁੱਘ ਨੂੰ ਰਾਜ ਸਭਾ ਭੇਜ ਦਿੱਤਾ। ਹਾਲਾਂਕਿ ਨਿਯਮਾਂ ਮੁਤਾਬਕ ਬਿੱਟੂ ਬਿਨਾਂ ਸੰਸਦ ਮੈਂਬਰ ਬਣੇ ਵੀ 6 ਮਹੀਨੇ ਯਾਨੀ 21 ਦਸੰਬਰ ਤੱਕ ਮੰਤਰੀ ਬਣੇ ਰਹਿ ਸਕਦੇ ਸਨ, ਪਰ ਉਨ੍ਹਾਂ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ।

ਰਾਸ਼ਟਰਪਤੀ ਨੇ ਬਿੱਟੂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ


ਬਿੱਟੂ ਬੋਲੇ- ਹੁਣ ਮੇਰਾ ਟਾਈਮ ਪੰਜਾਬ ਲਈ ਹੈ

ਅਸਤੀਫ਼ੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ 2-3 ਮਹੀਨੇ ਪਹਿਲਾਂ ਹੀ ਇਸ ਬਾਰੇ ਵਿੱਚ ਬੇਨਤੀ ਕੀਤੀ ਸੀ। ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਏ ਸਨ, ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ। ਪਿਛਲੇ ਸੈਸ਼ਨ ਵਿੱਚ ਵੀ ਮੈਂ ਸ਼ਾਮਲ ਨਹੀਂ ਹੋਇਆ ਸੀ।

ਜਿਸ ਦਿਨ ਮੇਰੀ ਰਾਜ ਸਭਾ ਦੀ ਟਰਮ ਖ਼ਤਮ ਹੋਈ, ਮੈਂ ਉਸੇ ਦਿਨ ਅਸਤੀਫ਼ਾ ਦੇ ਦਿੱਤਾ ਸੀ। ਮੈਂ ਕੱਲ੍ਹ ਫਿਰ ਉਨ੍ਹਾਂ ਨੂੰ ਮਿਲਿਆ ਸੀ। ਹੁਣ ਮੇਰਾ ਟਾਈਮ ਪੰਜਾਬ ਲਈ ਹੈ। ਅੱਜ ਵੀ ਮੈਂ ਕਈ ਥਾਵਾਂ 'ਤੇ ਗਿਆ ਸੀ। ਹੁਣ ਮੇਰੇ ਮੋਢਿਆਂ 'ਤੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੈ, ਮੈਂ ਇਸੇ ਕੰਮ ਵਿੱਚ ਲੱਗਾ ਹਾਂ।


ਉਨ੍ਹਾਂ ਨੇ ਐਕਸ (ਸਾਬਕਾ ਟਵਿੱਟਰ) 'ਤੇ ਪੋਸਟ ਕਰਕੇ ਲਿਖਿਆ ਕਿ ਮੈਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ।

ਭਾਰਤ ਦੇ ਲੋਕਾਂ, ਖ਼ਾਸਕਰ ਮੇਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਰਹੀ ਹੈ। ਮੈਂ ਸੇਵਾ, ਰਾਸ਼ਟਰਵਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਤ ਭਾਰਤ ਦੇ ਸੰਕਲਪ ਪ੍ਰਤੀ ਆਪਣੀ ਵਚਨਬੱਧਤਾ ਬਣਾਈ ਰੱਖਾਂਗਾ। ਜਨਸੇਵਾ ਦੀ ਮੇਰੀ ਯਾਤਰਾ ਨਵੇਂ ਸੰਕਲਪ ਅਤੇ ਸਮਰਪਣ ਨਾਲ ਅੱਗੇ ਵੀ ਜਾਰੀ ਰਹੇਗੀ।


ਬਿੱਟੂ ਦਾ ਕਾਂਗਰਸ ਨਾਲ ਵੀ ਰਿਹਾ ਨਾਤਾ


ਰਵਨੀਤ ਸਿੰਘ ਬਿੱਟੂ ਦਾ ਰਾਜਨੀਤਿਕ ਕਰੀਅਰ ਸਾਲ 2008 ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸ਼ੁਰੂ ਹੋਇਆ ਸੀ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 2014 ਅਤੇ 2019 ਵਿੱਚ ਲੁਧਿਆਣਾ ਲੋਕ ਸਭਾ ਸੀਟ ਤੋਂ ਲਗਾਤਾਰ ਦੋ ਵਾਰ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਅਤੇ ਉਪ-ਨੇਤਾ ਵੀ ਰਹੇ।


ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ, 26 ਮਾਰਚ 2024 ਨੂੰ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੱਤੀ ਅਤੇ ਉਸੇ ਦਿਨ ਭਾਜਪਾ ਜੁਆਇਨ ਕਰ ਲਈ। ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ 9 ਜੂਨ 2024 ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹ ਰੇਲ ਰਾਜ ਮੰਤਰੀ ਤੇ ਖਾਦ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਹੇ। ਬਾਅਦ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਇਆ, ਪਰ 2026 ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ।


Related Post

Sonam Wangchuk: ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਤੋੜਿਆ ਅਨਸ਼ਨ, ਜੇਪੀ ਨੱਡਾ ਤੇ ਜਿਤੇਂਦਰ ਸਿੰਘ ਨਾਲ ਮੁਲਾਕਾਤ ਮਗਰੋਂ ਲਿਆ ਫੈਸਲਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ: ਅਚਾਨਕ 11 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼
AI ਦਾ ਖ਼ਤਰਨਾਕ ਖੇਡ! ਕਾਨਪੁਰ ਦੇ 11ਵੀਂ ਫ਼ੇਲ੍ਹ ਨੌਜਵਾਨ ਨੇ ਬਣਾਏ ਫ਼ੇਕ ਬੈਂਕਿੰਗ ਐਪ, ਦੇਸ਼ ਭਰ ਦੇ ਸਾਈਬਰ ਗੈਂਗਾਂ ਨੂੰ ਕਰਦਾ ਸੀ ਸਪਲਾਈ
'Modi ਪੂਰੀ ਦਿੱਲੀ ਨੂੰ ਬੰਦ ਕਰਨ ਨੂੰ ਤਿਆਰ, ਪਰ…’; DMRC ਦੇ 16 ਮੈਟਰੋ ਸਟੇਸ਼ਨ ਬੰਦ ਕਰਨ 'ਤੇ CJP ਮੁਖੀ ਅਭਿਜੀਤ ਦੀਪਕੇ ਨੇ ਸੁਣਾਈਆਂ ਖਰੀਆਂ-ਖਰੀਆਂ…
'ਪੇਪਰ ਲੀਕ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਣਾਏ ਜਾਣਗੇ ਫਾਸਟ ਟਰੈਕ ਕੋਰਟ': PM ਮੋਦੀ ਦੇ ਐਲਾਨ 'ਤੇ ਆਇਆ CJP ਦਾ ਪਹਿਲਾ ਪ੍ਰਤੀਕਰਮ
ਲੋਕ ਸਭਾ ‘ਚ ਵੱਡੀ ਕਾਰਵਾਈ! ਇਸ ਵਜ੍ਹਾ ਕਰਕੇ ਨਾਮੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਨੂੰ ਮਾਨਸੂਨ ਸੈਸ਼ਨ ਤੋਂ ਕੀਤਾ ਸਸਪੈਂਡ, ਭੱਖਿਆ ਮੁੱਦਾ…

© Copyright Galactic Television & Communications Pvt. Ltd. 2026. All rights reserved.