ਦੇਸ਼ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 6 ਰਾਜਾਂ 'ਚ ਨਿਯੁਕਤ ਕੀਤੇ ਗਏ ਨਵੇਂ ਰਾਜਪਾਲ, ਦੇਖੋ ਪੂਰੀ ਸੂਚੀ

ਦੇਸ਼ ਵਿੱਚ ਰਾਜਪਾਲਾਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਲੈ ਕੇ ਵੱਡਾ ਫੇਰਬਦਲ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਹੁਕਮਾਂ ਅਨੁਸਾਰ 6 ਸੂਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ।

By:  Lajwinder Kaur October 13th 2026 01:10 PM -- Updated: October 13th 2026 02:14 PM

ਦੇਸ਼ ਵਿੱਚ ਰਾਜਪਾਲਾਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਲੈ ਕੇ ਵੱਡਾ ਫੇਰਬਦਲ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਹੁਕਮਾਂ ਅਨੁਸਾਰ 6 ਸੂਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਓਮ ਪ੍ਰਕਾਸ਼ ਮਾਥੁਰ ਨੂੰ ਕੇਰਲ, ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਤਾਮਿਲਨਾਡੂ ਅਤੇ ਡਾ. ਸੁਧਾ ਯਾਦਵ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬ੍ਰਜਮੋਹਨ ਰਾਮ ਨੂੰ ਓਡੀਸ਼ਾ, ਡਾ. ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਅਤੇ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਬਣਾਇਆ ਗਿਆ ਹੈ। ਸਾਰੇ ਨਵੇਂ ਰਾਜਪਾਲ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਨਿਯੁਕਤੀਆਂ ਅਨੁਸਾਰ ਕੰਮ ਸ਼ੁਰੂ ਕਰਨਗੇ।

ਜਾਣੋ ਕਿਸ ਨੂੰ ਕਿਹੜੇ ਸੂਬੇ ਦੀ ਮਿਲੀ ਜ਼ਿੰਮੇਵਾਰੀ

1. ਓਮ ਪ੍ਰਕਾਸ਼ ਮਾਥੁਰ - ਕੇਰਲ

ਓਮ ਪ੍ਰਕਾਸ਼ ਮਾਥੁਰ ਪਹਿਲਾਂ ਸਿੱਕਮ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾ ਰਹੇ ਸਨ। ਹੁਣ ਉਨ੍ਹਾਂ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਾਰਟੀ ਸੰਗਠਨ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣ ਦਾ ਲੰਮਾ ਤਜਰਬਾ ਹੈ।

2. ਰਾਜੇਂਦਰ ਵਿਸ਼ਵਨਾਥ ਆਰਲੇਕਰ - ਤਾਮਿਲਨਾਡੂ

ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਦਾ ਤਬਾਦਲਾ ਤਾਮਿਲਨਾਡੂ ਕਰ ਦਿੱਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਗੋਆ ਵਿਧਾਨ ਸਭਾ ਦੇ ਸਪੀਕਰ ਵਜੋਂ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਾਗਜ਼ ਰਹਿਤ ਪ੍ਰਣਾਲੀ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

3. ਬ੍ਰਜਮੋਹਨ ਰਾਮ — ਓਡੀਸ਼ਾ

ਬ੍ਰਜਮੋਹਨ ਰਾਮ ਨੂੰ ਓਡੀਸ਼ਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਤਜਰਬੇਕਾਰ ਸਿਆਸੀ ਆਗੂ ਹਨ ਅਤੇ ਉਨ੍ਹਾਂ ਨੂੰ ਜਨਤਕ ਜੀਵਨ ਤੇ ਸੰਗਠਨਾਤਮਕ ਕੰਮਾਂ ਦਾ ਤਜਰਬਾ ਹੈ। ਹੁਣ ਉਹ ਓਡੀਸ਼ਾ ਵਿੱਚ ਰਾਜਪਾਲ ਦੀ ਸੰਵਿਧਾਨਕ ਜ਼ਿੰਮੇਵਾਰੀ ਸੰਭਾਲਣਗੇ।

4. ਡਾ. ਸੁਧਾ ਯਾਦਵ - ਕਰਨਾਟਕ

ਡਾ. ਸੁਧਾ ਯਾਦਵ ਨੂੰ ਕਰਨਾਟਕ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਹਰਿਆਣਾ ਦੇ ਮਹੇਂਦਰਗੜ੍ਹ ਤੋਂ ਲੋਕ ਸਭਾ ਦੀ ਮੈਂਬਰ ਰਹਿ ਚੁੱਕੇ ਹਨ ਅਤੇ ਭਾਜਪਾ ਦੇ ਕੌਮੀ ਸੰਸਦੀ ਬੋਰਡ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਆਈਆਈਟੀ ਰੁੜਕੀ ਤੋਂ ਕੈਮਿਸਟਰੀ ਵਿੱਚ ਪੀਐੱਚਡੀ ਕੀਤੀ ਹੈ। ਇਸ ਤੋਂ ਇਲਾਵਾ ਉਹ ਰਾਸ਼ਟਰੀ ਪੱਛੜਾ ਵਰਗ ਕਮਿਸ਼ਨ (NCBC) ਦੀ ਮੈਂਬਰ ਵੀ ਰਹਿ ਚੁੱਕੇ ਹਨ।

5. ਡਾ. ਢਾਲ ਸਿੰਘ ਬਿਸੇਨ - ਉੱਤਰਾਖੰਡ

ਡਾ. ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੱਧ ਪ੍ਰਦੇਸ਼ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲਾਘਾਟ ਤੋਂ ਲੋਕ ਸਭਾ ਦੇ ਮੈਂਬਰ ਅਤੇ ਮੱਧ ਪ੍ਰਦੇਸ਼ ਦੇ ਚੌਥੇ ਰਾਜ ਵਿੱਤ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ।

6. ਦੁਸ਼ਯੰਤ ਗੌਤਮ - ਸਿੱਕਮ

ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਭਾਜਪਾ ਦੇ ਸੀਨੀਅਰ ਕੌਮੀ ਆਗੂ ਹਨ ਅਤੇ ਪਾਰਟੀ ਵਿੱਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਓਮ ਪ੍ਰਕਾਸ਼ ਮਾਥੁਰ ਦੇ ਕੇਰਲ ਤਬਾਦਲੇ ਤੋਂ ਬਾਅਦ ਉਨ੍ਹਾਂ ਨੂੰ ਸਿੱਕਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


© Copyright Galactic Television & Communications Pvt. Ltd. 2026. All rights reserved.