ਰਾਏਕੋਟ 'ਚ ਚੋਣਾਂ ਦੌਰਾਨ ਖ਼ੂਨੀ ਝੜਪ: 'ਆਪ' ਤੇ ਕਾਂਗਰਸ ਵਰਕਰ ਆਹਮੋ-ਸਾਹਮਣੇ; ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ ਕਾਂਗਰਸੀ ਉਮੀਦਵਾਰ ਗੰਭੀਰ ਜ਼ਖ਼ਮੀ, DMC ਰੈਫ਼ਰ

By:  Lajwinder Kaur May 26th 2026 01:57 PM -- Updated: May 26th 2026 02:15 PM

ਲੁਧਿਆਣਾ ਦੇ ਰਾਏਕੋਟ ਹਲਕੇ ਦੇ ਵਾਰਡ ਨੰਬਰ 4 ਵਿੱਚ ਚੋਣਾਂ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਇਸ ਖ਼ੂਨੀ ਝੜਪ ਵਿੱਚ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਇਲਾਜ ਲਈ ਲੁਧਿਆਣਾ ਦੇ ਡੀ.ਐਮ.ਸੀ. (DMC) ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਖ਼ੁਦ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਰਿਹਾਇਸ਼ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਵਾਪਰੀ।


ਕਾਂਗਰਸ ਨੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

ਹਸਪਤਾਲ ਤੋਂ ਸਾਹਮਣੇ ਆਏ ਬਿਆਨ ਵਿੱਚ ਜ਼ਖ਼ਮੀ ਉਮੀਦਵਾਰ ਜਗਦੇਵ ਸਿੰਘ ਨੇ ਦੱਸਿਆ ਕਿ 10 ਤੋਂ 15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਹਮਲਾ ਕੀਤਾ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਚੋਣਾਂ ਵਿੱਚ ਸਿੱਧਾ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਚੋਣ ਏਜੰਟ ਨੂੰ ਜ਼ਬਰਦਸਤੀ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ 'ਆਪ' ਦਾ ਏਜੰਡਾ ਅੰਦਰ ਬੈਠਾ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਇਸ ਹਮਲੇ ਵਿੱਚ ਕਾਂਗਰਸ ਦੇ 2 ਲੋਕ ਗੰਭੀਰ ਜ਼ਖ਼ਮੀ ਹਨ, ਪਰ ਪੁਲਿਸ ਪ੍ਰਸ਼ਾਸਨ ਉਲਟਾ ਕਾਂਗਰਸੀ ਵਰਕਰਾਂ 'ਤੇ ਹੀ ਦਬਾਅ ਪਾ ਰਿਹਾ ਹੈ।

ਪੁਲਿਸ ਨੇ ਕਿਹਾ- ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ

ਦੂਜੇ ਪਾਸੇ, ਘਟਨਾ ਤੋਂ ਬਾਅਦ ਵਾਰਡ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਐਸ.ਪੀ. (SP) ਸਮੇਤ ਡੀ.ਐਸ.ਪੀ. (DSP) ਵੱਲੋਂ ਲਗਾਤਾਰ ਇਲਾਕੇ ਦਾ ਦੌਰਾ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਐਸ.ਐਚ.ਓ. (SHO) ਨੇ ਅਧਿਕਾਰਤ ਬਿਆਨ ਦੇਣ ਤੋਂ ਨਾਂਹ ਕਰਦਿਆਂ ਸਿਰਫ਼ ਇੰਨਾ ਕਿਹਾ ਕਿ ਉਹ ਸੀਨੀਅਰ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਊਟੀ ਨਿਭਾ ਰਹੇ ਹਨ। ਪੁਲਿਸ ਮੁਤਾਬਕ, ਫਿਲਹਾਲ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਹਾਲ ਹੈ, ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਵੋਟਿੰਗ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਚੱਲ ਰਹੀ ਹੈ।

© Copyright Galactic Television & Communications Pvt. Ltd. 2026. All rights reserved.