ਪੇਟ ਦਰਦ ਹੋਣ 'ਤੇ ਹਸਪਤਾਲ ਪਹੁੰਚੀ 9ਵੀਂ ਦੀ ਵਿਦਿਆਰਥਣ, ਡਾਕਟਰਾਂ ਦੇ ਖੁਲਾਸੇ ਨੇ ਉਡਾਏ ਹੋਸ਼, ਤੁਰੰਤ ਕਰਵਾਈ ਡਿਲਵਰੀ, ਬੱਚੇ ਨੂੰ ਦਿੱਤਾ ਜਨਮ, ਪੋਕਸੋ ਐਕਟ ਤਹਿਤ ਮਾਮਲਾ ਦਰਜ

By:  Lajwinder Kaur April 23rd 2026 11:13 AM -- Updated: April 23rd 2026 11:35 AM

Jalandhar News: ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਫਿਲੌਰ ਸਬ ਡਿਵੀਜ਼ਨ 'ਚ ਬਿਲਗਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੇ ਇੱਕ ਪਿੰਡ 'ਚ 15 ਸਾਲਾ ਨਾਬਾਲਗ ਵਿਦਿਆਰਥਣ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਲਚਲ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ 9ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਰਹਿ ਰਹੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮਕ ਨੌਜਵਾਨ ਵਿਰੁੱਧ ਭਾਰਤੀ ਨਿਆ ਸੰਹਿਤਾ ਦੀ ਧਾਰਾ 65(1) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਂ ਪਹਿਲਾਂ ਹੀ ਛੱਡ ਕੇ ਚੱਲੀ ਗਈ ਸੀ, ਬਾਅਦ ‘ਚ ਪਿਓ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਪੀੜਤ ਕੁੜੀ ਦੀ ਰਿਸ਼ਤੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 15 ਸਾਲਾ ਭਤੀਜੀ 9ਵੀਂ ਕਲਾਸ ਵਿਚ ਪੜ੍ਹਦੀ ਹੈ। ਪੀੜਤਾ ਉਨ੍ਹਾਂ ਦੇ ਭਰਾ ਦੀ ਛੋਟੀ ਬੇਟੀ ਹੈ। ਕੁੜੀ ਦੀ ਮਾਂ ਕਰੀਬ 13 ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ ਅਤੇ ਉਸ ਦੇ ਪਿਤਾ ਦੀ ਸਵਾ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੁੜੀ ਉਸ ਦੇ ਕੋਲ ਹੀ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਲੜਕੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੀ ਸੀ। ਪਹਿਲਾਂ ਉਸ ਨੂੰ ਇਕ ਨਿੱਜੀ ਡਾਕਟਰ ਤੋਂ ਦਵਾਈ ਦਿਵਾਈ ਗਈ ਪਰ ਲੜਕੀ ਨੂੰ ਆਰਾਮ ਨਹੀਂ ਆਇਆ, ਜਿਸ ’ਤੇ 19 ਅਪ੍ਰੈਲ ਨੂੰ ਉਸ ਦੇ ਢਿੱਡ ਵਿਚ ਤੇਜ਼ ਦਰਦ ਹੋਣ ਲੱਗਾ ਤਾਂ ਉਸ ਨੂੰ ਫਿਲੌਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਇਕ ਨਿੱਜੀ ਮਹਿਲਾ ਡਾਕਟਰ ਦੇ ਕੋਲ ਰੈਫਰ ਕਰ ਦਿੱਤਾ ਗਿਆ।

ਬੱਚੀ ਨੇ ਦੱਸੀ ਸਾਰੀ ਸੱਚਾਈ, ਰਿਸ਼ਤੇਦਾਰ ਦੇ ਪੈਰਾਂ ਹੇਠੋ ਨਿਕਲੀ ਜ਼ਮੀਨ

ਮਹਿਲਾ ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਕੁੜੀ ਗਰਭਵਤੀ ਹੈ ਅਤੇ ਉਸ ਦੀ ਡਿਲਵਰੀ ਦਾ ਸਮਾਂ ਪੂਰਾ ਹੋ ਚੁੱਕਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਕੁੜੀ ਦੀ ਡਿਲਵਰੀ ਕਰਵਾਈ ਗਈ ਹੈ, ਜਿਸ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ। ਡਿਲਵਰੀ ਮਗਰੋਂ ਸ਼ਿਕਾਇਤ ਕਰਤਾ ਨੇ ਭਤੀਜੀ ਤੋਂ ਮੁੰਡੇ ਬਾਰੇ ਪੁੱਛਿਆ ਤਾਂ ਕੁੜੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮੀ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਰਾਹੁਲ ਦਾ ਪੂਰਾ ਪਤਾ ਉਸ ਨੂੰ ਪਤਾ ਨਹੀਂ ਹੈ। ਬਿਲਗਾ ਥਾਣਾ ਦੀ ਪੁਲਿਸ ਨੇ ਉਕਤ ਮਾਮਲੇ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮੀ ਨੌਜਵਾਨ ’ਤੇ ਕੇਸ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਸਬ ਡਿਵੀਜ਼ਨ ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਥਾਣਾ ਬਿਲਗਾ ਦੇ ਥਾਣਾ ਮੁਖੀ ਗੁਰਸ਼ਰਣ ਸਿੰਘ ਨੇ ਮੁਲਜ਼ਮ ਰਾਹੁਲ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਅੰਮ੍ਰਿਤਸਰ ਪੁਲਿਸ ਨੂੰ ਕੇਸ ਸੌਂਪਿਆ ਹੈ ਕਿਉਂਕਿ ਮਾਮਲਾ ਅੰਮ੍ਰਿਤਸਰ ਇਲਾਕੇ ਦਾ ਸੀ।


© Copyright Galactic Television & Communications Pvt. Ltd. 2026. All rights reserved.