ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: 100 ਤੋਂ ਵੱਧ ਸਮਰਥਕ 'ਆਪ' ‘ਚ ਸ਼ਾਮਲ, ਮੰਤਰੀ ਮਹਿੰਦਰ ਭਗਤ ਨੇ ਕੀਤਾ ਸਵਾਗਤ

ਜਲੰਧਰ ਪੱਛਮੀ ਹਲਕੇ ਵਿੱਚ ਉਸ ਸਮੇਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਜਦੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਦਿਆਂ ਵਾਰਡ ਨੰਬਰ 51 ਦੇ ਲਗਭਗ 100 ਸਮਰਥਕਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

By:  Lajwinder Kaur September 7th 2026 01:09 PM -- Updated: September 7th 2026 01:13 PM

ਜਲੰਧਰ ਪੱਛਮੀ ਹਲਕੇ ਵਿੱਚ ਉਸ ਸਮੇਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਜਦੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਦਿਆਂ ਵਾਰਡ ਨੰਬਰ 51 ਦੇ ਲਗਭਗ 100 ਸਮਰਥਕਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਹ ਸ਼ਮੂਲੀਅਤ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਹਾਜ਼ਰੀ ਵਿੱਚ ਹੋਈ, ਜਿਸ ਨਾਲ ਜਲੰਧਰ ਸ਼ਹਿਰ ਵਿੱਚ 'ਆਪ' ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ।

ਪ੍ਰਮੁੱਖ ਆਗੂਆਂ ਅਤੇ ਪਰਿਵਾਰਾਂ ਦੀ 'ਆਪ' ਵਿੱਚ ਐਂਟਰੀ

ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਇਲਾਕੇ ਦੇ ਨਾਮਵਰ ਅਤੇ ਪ੍ਰਮੁੱਖ ਪਰਿਵਾਰਾਂ ਦੇ ਮੈਂਬਰ ਸ਼ਾਮਲ ਹਨ। ਵਾਰਡ ਨੰਬਰ 51 ਤੋਂ ਮੋਹਿਤ ਗੁਪਤਾ, ਮੇਘਾ ਖੁਰਾਨਾ, ਓਜਤਨ ਖੁਰਾਨਾ, ਅਤੇ ਰੋਹਿਤ ਆਪਣੇ ਸੀਨੀਅਰ ਪਰਿਵਾਰਕ ਮੈਂਬਰਾਂ—ਰਾਕੇਸ਼ ਕੁਮਾਰ (ਮੋਹਿਤ ਦੇ ਪਿਤਾ), ਰਾਜ ਕੁਮਾਰ (ਚਾਚਾ), ਗੁਰਚਰਨ ਕੁਮਾਰ (ਚਾਚਾ) ਅਤੇ ਮੁਕੇਸ਼ ਸਮੇਤ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ 'ਆਪ' ਪਰਿਵਾਰ ਵਿੱਚ ਸ਼ਾਮਲ ਹੋਏ।

ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਨਾਲ ਕਮਲ ਲੋਹੀਆ, ਸੁਭਾਸ਼ ਗੋਰੀਆ, ਡਾ. ਮਨੀਸ਼, ਐਡਵੋਕੇਟ ਸੰਨੀ ਵਰਮਾ ਅਤੇ ਹਰਸਿਮਰਨਜੀਤ ਸਿੰਘ ਬੰਟੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਮੰਤਰੀ ਮਹਿੰਦਰ ਭਗਤ ਨੇ ਇਨ੍ਹਾਂ ਸਾਰੇ ਨੌਜਵਾਨਾਂ ਅਤੇ ਆਗੂਆਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਵਾਰਡ ਵਿੱਚ ਸੁਭਾਸ਼ ਗੋਰੀਆ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਜਲੰਧਰ ਪੱਛਮੀ ਵਿੱਚ ਪਾਰਟੀ ਦਾ ਦਾਇਰਾ ਵਿਸ਼ਾਲ ਹੋਵੇਗਾ।

ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਦਾ ਜ਼ਿਕਰ

ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ "ਖੇਡਾਂ ਵਤਨ ਪੰਜਾਬ ਦੀਆਂ" ਅਤੇ "ਰਨ ਫਾਰ ਇਕਵੈਲਿਟੀ" ਵਰਗੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਦੇ ਨਾਲ ਹੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਅਤੇ ਸਤਿਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਵਰਗੇ ਪਵਿੱਤਰ ਸਮਾਗਮਾਂ ਰਾਹੀਂ ਹਰ ਧਰਮ ਅਤੇ ਮਹਾਪੁਰਸ਼ਾਂ ਦਾ ਬਣਦਾ ਸਤਿਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਤਰੱਕੀ ਦੇ ਰਾਹ ਉੱਤੇ ਨਿਰੰਤਰ ਅੱਗੇ ਵਧ ਰਿਹਾ ਹੈ।

ਵਿਰੋਧੀਆਂ ਦੇ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਕੋਲ ਹੁਣ ਬੇਬੁਨਿਆਦ ਦੋਸ਼ ਲਗਾਉਣ ਤੋਂ ਸਿਵਾਏ ਕੁਝ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਪਣਾ ਕੰਮ ਕਰਦੀ ਰਹੇ, ਸਾਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਪੰਜਾਬ ਦੀ ਜਨਤਾ ਸੱਚਾਈ ਜਾਣਦੀ ਹੈ ਅਤੇ 'ਆਪ' ਸਰਕਾਰ ਸਿਰਫ਼ ਲੋਕਾਂ ਦੀ ਭਲਾਈ ਅਤੇ ਸੇਵਾ ਵੱਲ ਧਿਆਨ ਦੇ ਰਹੀ ਹੈ।

Related Post

ਵਿਦੇਸ਼ ‘ਚ ਪੰਜਾਬੀ ਨੌਜਵਾਨ ਅਗਵਾ; ਮੁੰਡੇ ‘ਤੇ ਹੋਏ ਤਸ਼ੱਦਦ ਦਾ ਵੀਡੀਓ ਪਰਿਵਾਰ ਨੂੰ ਭੇਜਿਆ, ਮੰਗੀ 58 ਲੱਖ ਰੁਪਏ ਦੀ ਫਿਰੌਤੀ
ਜਲੰਧਰ 'ਚ ਭਿਆਨਕ ਸੜਕ ਹਾਦਸਾ: ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, ਤਿੰਨ ਨੌਜਵਾਨਾਂ ਦੀ ਮੌਤ
Punjab Bandh: ਜਾਣੋ ਕਿੱਥੇ-ਕਿੱਥੇ ਨਜ਼ਰ ਆ ਰਿਹਾ 'ਪੰਜਾਬ ਬੰਦ' ਦਾ ਅਸਰ! ਜਲੰਧਰ ‘ਚ ਸਕੂਲ-ਕਾਲਜ ਸਣੇ ਦੁਕਾਨਾਂ ਬੰਦ…ਚੱਪੇ-ਚੱਪੇ 'ਤੇ ਪੁਲਿਸ
ਪੁਲਿਸ ਅਤੇ ਬਦਮਾਸ਼ ਵਿਚਾਲੇ ਚੱਲੀਆਂ ਠਾਹ-ਠਾਹ ਗੋਲੀਆਂ, ਦਹਿਲ ਉੱਠਿਆ ਜਲੰਧਰ, ਦੋਹਰੇ ਕਤਲ ਕਾਂਡ ਦਾ ਮੁਲਜ਼ਮ 'ਗੁੱਲੂ' ਗੋਲੀ ਲੱਗਣ ਨਾਲ ਜ਼ਖ਼ਮੀ…
ਜਲੰਧਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਦੌਰਾ: ‘ਸੰਤ ਰਵਿਦਾਸ ਟ੍ਰੇਨ’ ਨੂੰ ਦਿਖਾਈ ਹਰੀ ਝੰਡੀ, ਕਿਸਾਨਾਂ ਵਾਲੀ ਹਰੀ ਪੱਗ ‘ਚ ਨਜ਼ਰ ਆਏ PM ਮੋਦੀ
PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਹਾਈ ਅਲਰਟ: ਰੇਲਵੇ ਸਟੇਸ਼ਨ 'ਤੇ ਡੌਗ ਸਕੁਐਡ ਤਾਇਨਾਤ, ਚੱਪੇ-ਚੱਪੇ ‘ਤੇ ਪੁਲਿਸ…

© Copyright Galactic Television & Communications Pvt. Ltd. 2026. All rights reserved.