LPU ਬਵਾਲ ਮਾਮਲਾ: ਯੂਨੀਵਰਸਿਟੀ 10 ਦਿਨਾਂ ਲਈ ਬੰਦ, ਵਿਦਿਆਰਥੀਆਂ ਨੂੰ ਛੁੱਟੀ, ਇੰਟਰਨੈੱਟ ਸੇਵਾ ਬੰਦ; CM ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦਾ ਬਵਾਲ ਸੁਰਖੀਆਂ 'ਚ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਪ੍ਰਦਰਸ਼ਨ ਦੀਆਂ ਖੌਫਨਾਕ ਵੀਡੀਓਜ਼ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਜਿਸ ਤੋਂ ਬਾਅਦ ਹੁਣ ਯੂਨੀਵਰਸਿਟੀ 10 ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

By:  Lajwinder Kaur September 28th 2026 10:40 AM -- Updated: September 28th 2026 11:13 AM

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਬਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ DGP ਗੌਰਵ ਯਾਦਵ ਨੂੰ ਖੁਦ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ।

DIG ਵੱਲੋਂ ਦਿੱਤੀ ਜਾਣਕਾਰੀ ਮੁਤਾਬਕ DGP ਗੌਰਵ ਯਾਦਵ ਅੱਜ ਸਵੇਰੇ LPU ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਰੇਪ ਸਬੰਧੀ ਮੈਸੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਹੰਗਾਮਾ ਸ਼ੁਰੂ ਹੋਇਆ ਸੀ। ਇਹ ਬਵਾਲ ਐਤਵਾਰ ਅੱਧੀ ਰਾਤ ਤੱਕ ਜਾਰੀ ਰਿਹਾ।

ਯੂਨੀਵਰਸਿਟੀ ਵਿੱਚ ਭੰਨਤੋੜ ਤੇ ਲੁੱਟ

ਹੰਗਾਮੇ ਦੌਰਾਨ ਯੂਨੀਵਰਸਿਟੀ ਵਿੱਚ ਭੰਨਤੋੜ ਕੀਤੀ ਗਈ ਅਤੇ ਮਾਲ ਵਿੱਚੋਂ ਸਮਾਨ ਲੁੱਟੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਇਲਾਵਾ ਕੁੱਝ ਲੜਕਿਆਂ ਵੱਲੋਂ ਗਰਲਜ਼ ਹੋਸਟਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ।

ਹਾਲਾਤ ਕਾਬੂ ਕਰਨ ਲਈ ਪੁਲਿਸ ਨੇ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾਉਣ ਅਤੇ ਪਥਰਾਅ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।

LPU 10 ਦਿਨਾਂ ਲਈ ਬੰਦ, ਮਿਡ-ਟਰਮ ਪ੍ਰੀਖਿਆਵਾਂ ਮੁਲਤਵੀ

ਹੰਗਾਮਾ ਸ਼ਾਂਤ ਹੋਣ ਤੋਂ ਬਾਅਦ ਯੂਨੀਵਰਸਿਟੀ ਪ੍ਰਬੰਧਨ ਨੇ LPU ਨੂੰ 10 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮਿਡ-ਟਰਮ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਛੁੱਟੀਆਂ ਦੌਰਾਨ ਘਰ ਜਾਣਾ ਚਾਹੁੰਦੇ ਹਨ, ਉਹ ਆਪਣੇ ਮਾਪਿਆਂ ਨੂੰ ਬੁਲਾ ਕੇ ਘਰ ਜਾ ਸਕਦੇ ਹਨ। ਜਿਹੜੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨਾਂ ਜ਼ਰੂਰੀ ਕੰਮ ਦੇ ਹੋਸਟਲ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ।

18 ਘੰਟਿਆਂ ਬਾਅਦ ਖੁੱਲ੍ਹਿਆ ਦਿੱਲੀ-ਅੰਮ੍ਰਿਤਸਰ ਹਾਈਵੇ

ਬਵਾਲ ਦੇ ਚੱਲਦਿਆਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਵੀ ਐਤਵਾਰ ਸਵੇਰੇ ਕਰੀਬ 6 ਵਜੇ ਤੋਂ ਲਗਭਗ 18 ਘੰਟਿਆਂ ਤੱਕ ਜਾਮ ਰਿਹਾ। ਐਤਵਾਰ ਰਾਤ ਕਰੀਬ 12 ਵਜੇ ਹਾਈਵੇ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਫਸੇ ਵਾਹਨ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋਏ।

ਪੁਲਿਸ ਵੱਲੋਂ SIT ਬਣਾਈ ਗਈ

ਵਿਦਿਆਰਥੀਆਂ ਦੀ ਮੰਗ ’ਤੇ ਪੁਲਿਸ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕਥਿਤ ਰੇਪ ਦੇ ਮਾਮਲੇ ਵਿੱਚ FIR ਦਰਜ ਕਰ ਲਈ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਵੀ ਕੀਤਾ ਗਿਆ ਹੈ। DIG ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਫਿਲਹਾਲ ਯੂਨੀਵਰਸਿਟੀ ਵਿੱਚ ਹਾਲਾਤ ਪੁਲਿਸ ਦੇ ਕੰਟਰੋਲ ਵਿੱਚ ਦੱਸੇ ਜਾ ਰਹੇ ਹਨ ਅਤੇ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।


Related Post

ਆਪ ਹੋਈ ਹੋਰ ਮਜ਼ਬੂਤ! ਟਕਸਾਲੀ ਅਕਾਲੀ ਆਗੂ ਆਪਣੇ ਸਾਥੀਆਂ ਸਣੇ AAP ‘ਚ ਹੋਏ ਸ਼ਾਮਿਲ
ਪੰਜਾਬੀ ਦੇਣ ਧਿਆਨ! ਜਾਰੀ ਹੋਏ ਸਖਤ ਹੁਕਮ, ਬਿਨਾਂ ਹਾਈ ਸਿਕਿਓਰਟੀ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਨਹੀਂ, ਰੈਸਟੋਰੈਂਟਾਂ ‘ਚ ਹਥਿਆਰਾਂ ‘ਤੇ ਰੋਕ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ! ਜਲੰਧਰ CP ਐਕਸ਼ਨ ਮੋਡ ‘ਚ, ਕਈ ਥਾਣਿਆਂ ਦੇ ਇੰਚਾਰਜ ਬਦਲੇ; ਜਾਣੋ ਕਿਸ ਨੂੰ ਮਿਲੀ ਕਿੱਥੇ ਜ਼ਿੰਮੇਵਾਰੀ
ਸੂਬੇ ‘ਚ ਆ ਗਈ ਇੱਕ ਹੋਰ ਛੁੱਟੀ! ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, DC ਵੱਲੋਂ ਹੁਕਮ ਜਾਰੀ…
ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: 100 ਤੋਂ ਵੱਧ ਸਮਰਥਕ 'ਆਪ' ‘ਚ ਸ਼ਾਮਲ, ਮੰਤਰੀ ਮਹਿੰਦਰ ਭਗਤ ਨੇ ਕੀਤਾ ਸਵਾਗਤ
ਵਿਦੇਸ਼ ‘ਚ ਪੰਜਾਬੀ ਨੌਜਵਾਨ ਅਗਵਾ; ਮੁੰਡੇ ‘ਤੇ ਹੋਏ ਤਸ਼ੱਦਦ ਦਾ ਵੀਡੀਓ ਪਰਿਵਾਰ ਨੂੰ ਭੇਜਿਆ, ਮੰਗੀ 58 ਲੱਖ ਰੁਪਏ ਦੀ ਫਿਰੌਤੀ

© Copyright Galactic Television & Communications Pvt. Ltd. 2026. All rights reserved.