2 ਸਾਲ ਪਹਿਲਾਂ ਗਏ ਪੰਜਾਬੀ ਨੌਜਵਾਨ ਨਾਲ ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਜ਼ਿੰਦਾ ਸੜਿਆ, ਹੁਸ਼ਿਆਰਪੁਰ ਦੇ ਟਾਂਡਾ 'ਚ ਸੋਗ ਦੀ ਲਹਿਰ

ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵਾਪਰੇ ਇੱਕ ਭਿਆਨਕ ਕਾਰ ਹਾਦਸੇ ਦੌਰਾਨ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਤ 2 ਸਾਲ ਪਹਿਲਾਂ ਗਏ ਪੰਜਾਬੀ ਨੌਜਵਾਨ ਬ੍ਰਹਮਜੋਤ ਸਿੰਘ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਇਹ ਹਾਦਸਾ ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ‘ਤੇ ਹੋਂਡਾ ਸੀ.ਆਰ.ਵੀ. ਅਤੇ ਕਿਆ ਸੋਰੈਂਟੋ ਗੱਡੀਆਂ ਦੀ ਸਿੱਧੀ ਟੱਕਰ ਕਾਰਨ ਵਾਪਰਿਆ, ਜਿਸ ਨਾਲ ਦੋਵੇਂ ਗੱਡੀਆਂ 25 ਫੁੱਟ ਦੂਰ ਜਾ ਡਿੱਗੀਆਂ ਅਤੇ ਉਨ੍ਹਾਂ ਨੂੰ ਭਾਰੀ ਅੱਗ ਲੱਗ ਗਈ।

By:  Lajwinder Kaur September 11th 2026 02:32 PM -- Updated: September 11th 2026 02:44 PM

ਕੈਨੇਡਾ ਦੀ ਧਰਤੀ ਤੋਂ ਇੱਕ ਵਾਰ ਫਿਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਕਾਰ ਹਾਦਸੇ ਦੌਰਾਨ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਇਹ ਨੌਜਵਾਨ ਦੋ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ, ਨੌਜਵਾਨ ਆਪਣੀ ਹੋਂਡਾ ਸੀ.ਆਰ.ਵੀ. (Honda CR-V) ਕਾਰ ਰਾਹੀਂ ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ‘ਤੇ ਜਾ ਰਿਹਾ ਸੀ, ਜਿੱਥੇ ਉਸ ਦੀ ਕਾਰ ਦੀ ਕਿਸੇ ਦੂਜੀ ਗੱਡੀ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਇੱਕ-ਦੂਜੇ ਤੋਂ 25 ਫੁੱਟ ਦੂਰ ਜਾ ਕੇ ਡਿੱਗੀਆਂ ਅਤੇ ਉਨ੍ਹਾਂ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਨੌਜਵਾਨ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਉੱਥੇ ਹੀ, ਦੂਜੀ ਕਾਰ ਦੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਨੌਜਵਾਨ

ਮ੍ਰਿਤਕ ਨੌਜਵਾਨ ਦੀ ਪਛਾਣ ਹੁਸ਼ਿਆਰਪੁਰ ਦੇ ਟਾਂਡਾ ਨਿਵਾਸੀ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੱਖਣ-ਪੱਛਮੀ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ 1 ਵਜੇ ਤੋਂ ਬਾਅਦ ਵਾਪਰਿਆ। ਪੁਲਿਸ ਨੇ ਵੀਰਵਾਰ ਨੂੰ ਪ੍ਰੈੱਸ ਬ੍ਰੀਫਿੰਗ ਕਰਕੇ ਨੌਜਵਾਨ ਦੀ ਪਛਾਣ ਦੀ ਪੁਸ਼ਟੀ ਕੀਤੀ।

ਅੱਗ ਦੀਆਂ ਲਪਟਾਂ ਕਾਰਨ ਕਾਰ ਤੱਕ ਨਹੀਂ ਪਹੁੰਚ ਸਕੇ ਫਾਇਰ ਕਰਮਚਾਰੀ

ਓਟਾਵਾ ਫਾਇਰ ਸਰਵਿਸਿਜ਼ ਅਤੇ ਪੁਲਿਸ ਅਨੁਸਾਰ ਇਹ ਸਿੱਧੀ ਟੱਕਰ ਹੋਂਡਾ ਸੀ.ਆਰ.ਵੀ. (Honda CR-V) ਅਤੇ ਕਿਆ ਸੋਰੈਂਟੋ (Kia Sorento) ਵਿਚਕਾਰ ਹੋਈ ਸੀ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਸ਼ੁਰੂ ਵਿੱਚ ਦਮਕਲ ਕਰਮਚਾਰੀਆਂ ਲਈ ਵੀ ਗੱਡੀ ਦੇ ਨੇੜੇ ਪਹੁੰਚਣਾ ਮੁਸ਼ਕਲ ਹੋ ਗਿਆ ਸੀ। ਕੜੀ ਮੁਸ਼ੱਕਤ ਤੋਂ ਬਾਅਦ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ, ਤਾਂ ਫਾਇਰ ਕਰਮਚਾਰੀਆਂ ਨੂੰ ਹੋਂਡਾ ਦੀ ਅਗਲੀ ਸੀਟ ‘ਤੇ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਕਾਰ ਵਿੱਚ ਉਸ ਤੋਂ ਇਲਾਵਾ ਹੋਰ ਕੋਈ ਸਵਾਰ ਨਹੀਂ ਸੀ ਅਤੇ ਪੈਰਾਮੈਡਿਕਸ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ।

ਦੂਜੀ ਕਾਰ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ

ਦੂਜੀ ਕਾਰ (ਕਿਆ ਸੋਰੈਂਟੋ) ਦਾ ਡਰਾਈਵਰ ਵੀ ਇਸ ਭਿਆਨਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਉੱਧਰ, ਟਾਂਡਾ ਵਿਖੇ ਜਿਵੇਂ ਹੀ ਬ੍ਰਹਮਜੋਤ ਦੀ ਮੌਤ ਦੀ ਖ਼ਬਰ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਹ ਹਾਦਸਾ ਕਿਸ ਗੱਡੀ ਦੀ ਲਾਪਰਵਾਹੀ ਕਾਰਨ ਵਾਪਰਿਆ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇੱਕ ਸਾਲ ਦੇ ਅੰਦਰ ਦੂਜਾ ਵੱਡਾ ਹਾਦਸਾ

 ਇਸ ਦਰਦਨਾਕ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ‘ਮੌਤ ਦਾ ਮਾਰਗ’ ਬਣਦੀ ਜਾ ਰਹੀ ਹੈ ਅਤੇ ਇੱਕ ਸਾਲ ਦੇ ਅੰਦਰ ਇਹ ਦੂਜਾ ਵੱਡਾ ਹਾਦਸਾ ਵਾਪਰਿਆ ਹੈ। ਇਸ ਸੜਕ ਨੂੰ ਠੀਕ ਕਰਵਾਉਣ ਅਤੇ ਇੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਸਥਾਨਕ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

© Copyright Galactic Television & Communications Pvt. Ltd. 2026. All rights reserved.