ਕ੍ਰਿਕਟ ਖੇਡਦੇ ਬੱਚਿਆਂ 'ਤੇ ਡਿੱਗੀ ਅਸਮਾਨੀ ਬਿਜਲੀ: ਹੁਸ਼ਿਆਰਪੁਰ ਦੇ 10ਵੀਂ ਦੇ ਵਿਦਿਆਰਥੀ ਦੀ ਮੌਤ, 11 ਬੱਚਿਆਂ ਨੂੰ ਲੱਗੇ ਝਟਕੇ, ਪਿੰਡ 'ਚ ਸੋਗ ਦੀ ਲਹਿਰ

By  Lajwinder Kaur April 4th 2026 01:33 PM -- Updated: April 4th 2026 01:39 PM

ਹੁਸ਼ਿਆਰਪੁਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬਕਾਪੁਰ ਗੁਰੂ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਤਰੁਣਦੀਪ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਤਰੁਣਦੀਪ 10ਵੀਂ ਜਮਾਤ ਦਾ ਵਿਦਿਆਰਥੀ ਸੀ। ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਉਹ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਿਆ ਸੀ।

ਡਿੱਗੀ ਅਸਮਾਨੀ ਬਿਜਲੀ, ਬੱਚਿਆਂ ਨੂੰ ਲੱਗਿਆ ਝਟਕਾ

ਸਰਪੰਚ ਅਨੁਸਾਰ, ਇਹ ਦਰਦਨਾਕ ਘਟਨਾ ਦੁਪਹਿਰ ਸਾਢੇ 11 ਤੋਂ 12 ਵਜੇ ਦੇ ਵਿਚਕਾਰ ਵਾਪਰੀ। ਤਰੁਣਦੀਪ ਸਮੇਤ ਕੁੱਲ 11 ਨੌਜਵਾਨ ਕ੍ਰਿਕਟ ਖੇਡਣ ਲਈ ਨੇੜਲੇ ਪਿੰਡ ਗਏ ਸਨ। ਇਸੇ ਦੌਰਾਨ ਮੌਸਮ ਅਚਾਨਕ ਖ਼ਰਾਬ ਹੋ ਗਿਆ ਅਤੇ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ। ਬਰਸਾਤ ਦੇ ਬਾਵਜੂਦ ਨੌਜਵਾਨ ਖੇਡ ਵਿੱਚ ਮਸਤ ਸਨ ਕਿ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ। ਮੌਕੇ 'ਤੇ ਮੌਜੂਦ ਨੌਜਵਾਨਾਂ ਵਿੱਚੋਂ ਤਰੁਣਦੀਪ ਸਿੰਘ (16), ਪੁੱਤਰ ਓਂਕਾਰ ਸਿੰਘ, ਅਤੇ ਅੰਸ਼ਪ੍ਰੀਤ ਸਿੰਘ (18) ਸਿੱਧੇ ਤੌਰ 'ਤੇ ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆ ਗਏ। ਬਿਜਲੀ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਬਾਕੀ ਨੌਜਵਾਨ ਵੀ ਦੂਰ ਜਾ ਕੇ ਇੱਧਰ-ਉੱਧਰ ਡਿੱਗ ਪਏ। ਜ਼ਖ਼ਮੀਆਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਤਰੁਣਦੀਪ ਸਿੰਘ ਨੇ ਦਮ ਤੋੜ ਦਿੱਤਾ। ਦੂਜੇ ਪਾਸੇ, ਅੰਸ਼ਪ੍ਰੀਤ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸ ਦਾ ਹਸਪਤਾਲ ਵਿੱਚ ਇਲਾਜ ਅਜੇ ਜਾਰੀ ਹੈ।


ਚਸ਼ਮਦੀਦਾਂ ਅਤੇ ਸਥਾਨਕ ਸਰਪੰਚ ਤੋਂ ਮਿਲੀ ਜਾਣਕਾਰੀ ਅਨੁਸਾਰ, ਦੁਪਹਿਰ ਕਰੀਬ ਸਵਾ 12 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਾਲੇ ਗਰਾਊਂਡ ਵਿੱਚ ਤਕਰੀਬਨ 11 ਬੱਚੇ ਕ੍ਰਿਕਟ ਖੇਡ ਰਹੇ ਸਨ, ਜਿਨ੍ਹਾਂ ਵਿੱਚ ਤਰੁਣਦੀਪ ਸਿੰਘ ਵੀ ਸ਼ਾਮਲ ਸੀ। ਮੈਚ ਦੌਰਾਨ ਅਚਾਨਕ ਮੌਸਮ ਖ਼ਰਾਬ ਹੋ ਗਿਆ ਅਤੇ ਜਦੋਂ ਤਰੁਣਦੀਪ ਗੇਂਦਬਾਜ਼ੀ (ਬੌਲਿੰਗ) ਕਰਨ ਲਈ ਤਿਆਰ ਹੋ ਰਿਹਾ ਸੀ, ਤਾਂ ਅਸਮਾਨੀ ਬਿਜਲੀ ਸਿੱਧੀ ਮੈਦਾਨ 'ਤੇ ਆ ਡਿੱਗੀ।

ਬਿਜਲੀ ਦਾ ਝਟਕਾ ਇੰਨਾ ਭਿਆਨਕ ਸੀ ਕਿ ਮੈਦਾਨ ਵਿੱਚ ਖੇਡ ਰਹੇ ਸਾਰੇ ਬੱਚੇ ਇੱਕੋ ਸਮੇਂ ਜ਼ਮੀਨ 'ਤੇ ਡਿੱਗ ਪਏ। ਤਰੁਣਦੀਪ ਦੇ ਛੋਟੇ ਭਰਾ ਨੇ ਦੱਸਿਆ ਕਿ ਅਸੀਂ ਸਭ ਖੜ੍ਹੇ ਸੀ ਕਿ ਅਚਾਨਕ ਜ਼ੋਰਦਾਰ ਝਟਕਾ ਲੱਗਾ ਅਤੇ ਸਾਰੇ ਡਿੱਗ ਪਏ। ਕੁੱਝ ਬੱਚੇ ਤਾਂ ਉੱਠ ਕੇ ਮਦਦ ਲਈ ਭੱਜੇ, ਪਰ ਤਰੁਣਦੀਪ ਉੱਥੇ ਹੀ ਬੇਸੁੱਧ ਪਿਆ ਰਿਹਾ। ਪਿੰਡ ਵਾਸੀਆਂ ਨੇ ਤੁਰੰਤ ਟਰੈਕਟਰ-ਟਰਾਲੀ ਅਤੇ ਹੋਰ ਨਿੱਜੀ ਵਾਹਨਾਂ ਦਾ ਪ੍ਰਬੰਧ ਕਰਕੇ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਤਰੁਣਦੀਪ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਨਾਲ ਪਰਿਵਾਰ ਦਾ ਚਿਰਾਗ ਬੁੱਝ ਗਿਆ ਹੈ ਅਤੇ ਘਰ ਵਿੱਚ ਕੋਹਰਾਮ ਮਚਿਆ ਹੋਇਆ ਹੈ। ਤਰੁਣਦੀਪ ਦੇ ਮਾਂ-ਬਾਪ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪਿਤਾ ਓਂਕਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਵਾਲ ਕਟਵਾ ਕੇ ਆਇਆ ਹੈ ਅਤੇ ਹੁਣ ਕ੍ਰਿਕਟ ਖੇਡਣ ਜਾ ਰਿਹਾ ਹੈ, ਪਰ ਕਿਸੇ ਨੂੰ ਕੀ ਪਤਾ ਸੀ ਕਿ ਉਹ ਹੁਣ ਕਦੇ ਵਾਪਸ ਨਹੀਂ ਪਰਤੇਗਾ। ਘਟਨਾ ਤੋਂ ਬਾਅਦ ਤਰੁਣਦੀਪ ਦੀ ਮਾਂ ਦਾ ਬੁਰਾ ਹਾਲ ਹੈ ਅਤੇ ਉਹ ਬੇਸੁੱਧ ਪਈ ਹੈ। ਇਸ ਦਰਦਨਾਕ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।

© Copyright Galactic Television & Communications Pvt. Ltd. 2026. All rights reserved.