ਹੁਸ਼ਿਆਰਪੁਰ 'ਚ BJP-BSP ਵਰਕਰਾਂ ਵਿਚਾਲੇ ਖੜਕਾ-ਦੜਕਾ! ਸਾਬਕਾ ਕੇਂਦਰੀ ਮੰਤਰੀ 'ਤੇ ਮਾਈਕ ਨਾਲ ਹਮਲਾ, ਪਿੰਡ ‘ਚ ਤਣਾਅ ਦਾ ਮਾਹੌਲ

ਪੰਜਾਬ ਦੀ ਸਿਆਸਤ ਤੋਂ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ, ਜਿੱਥੇ BJP-BSP ਵਰਕਰਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਹਿੰਸਕ ਝੜਪ ਹੋ ਗਈ। ਇਸ ਝੜਪ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜ਼ਖ਼ਮੀ ਹੋ ਗਏ।

By:  Lajwinder Kaur September 16th 2026 02:51 PM -- Updated: September 16th 2026 03:06 PM

ਪੰਜਾਬ ਦੇ ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ।

ਬੁੱਧਵਾਰ ਨੂੰ ਮੌਕੇ 'ਤੇ ਪਹੁੰਚੇ ਭਾਜਪਾ (BJP) ਅਤੇ ਬਸਪਾ (BSP) ਦੇ ਵਰਕਰਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਹਿੰਸਕ ਝੜਪ ਹੋ ਗਈ। ਇਸ ਝੜਪ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜ਼ਖ਼ਮੀ ਹੋ ਗਏ। ਜਾਣਕਾਰੀ ਸਾਹਮਣੇ ਆਈ ਹੈ ਕਿ ਹੰਗਾਮੇ ਦੌਰਾਨ ਕਿਸੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਮਾਈਕ ਮਾਰਿਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਕਈ ਹੋਰ ਭਾਜਪਾ ਆਗੂ ਵੀ ਪਹੁੰਚੇ ਹੋਏ ਸਨ

ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਆਗੂ ਵਿਜੇ ਸਾਂਪਲਾ, ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਅਤੇ ਹੁਸ਼ਿਆਰਪੁਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਘਟਨਾ ਵਾਲੀ ਥਾਂ ਯਾਨੀ ਪਿੰਡ ਬਾੜੀਆਂ ਕਲਾਂ ਵਿਖੇ ਪਹੁੰਚੇ ਸਨ। ਇਸ ਦੌਰਾਨ ਉੱਥੇ ਮੌਜੂਦ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਆਗੂਆਂ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਨਿੰਦਾ ਕਰਦਿਆਂ ਪ੍ਰਸ਼ਾਸਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇੰਝ ਭੱਖਿਆ ਮੁੱਦਾ

ਇਸ ਦੌਰਾਨ ਉੱਥੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿੱਚ ਵਰਕਰਾਂ ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ, ਕੁਝ ਬਸਪਾ (BSP) ਆਗੂਆਂ ਵੱਲੋਂ ਵਿਜੇ ਸਾਂਪਲਾ ਦੇ ਖ਼ਿਲਾਫ਼ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵਿੱਚ ਤਣਾਅ ਵਧ ਗਿਆ।

ਵੇਖਦਿਆਂ ਹੀ ਵੇਖਦਿਆਂ ਭਾਜਪਾ ਅਤੇ ਬਸਪਾ ਦੇ ਵਰਕਰ ਆਪਸ ਵਿੱਚ ਭਿੜ ਗਏ ਅਤੇ ਮੌਕੇ 'ਤੇ ਹਿੰਸਕ ਝੜਪ ਹੋ ਗਈ। ਇਸ ਹੰਗਾਮੇ ਦੌਰਾਨ ਬਸਪਾ ਦੇ ਇੱਕ ਵਰਕਰ ਜਾਂ ਆਗੂ ਵੱਲੋਂ ਵਿਜੇ ਸਾਂਪਲਾ 'ਤੇ ਮਾਈਕ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਅਤੇ ਖਰਚੋਂ ਆਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ।

ਪਿੰਡ 'ਚ ਵੱਧਿਆ ਤਣਾਅ

ਘਟਨਾ ਤੋਂ ਬਾਅਦ ਪਿੰਡ ਬਾੜੀਆਂ ਕਲਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਫਿਲਹਾਲ ਇਸ ਪੂਰੇ ਮਾਮਲੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ, ਇਸ ਬਾਰੇ ਅਧਿਕਾਰਤ ਬਿਆਨ ਆਉਣ ਤੋਂ ਬਾਅਦ ਹੀ ਹੋਰ ਤੱਥ ਸਾਹਮਣੇ ਆਉਣਗੇ।

© Copyright Galactic Television & Communications Pvt. Ltd. 2026. All rights reserved.