ਮੰਦਭਾਗੀ ਖਬਰ! ਅਮਰੀਕਾ 'ਚ ਪੰਜਾਬੀ ਨੌਜਵਾਨ ਨੇ ਤੋੜਿਆ ਦਮ, ਪਤਨੀ ਤੇ ਦੋ ਬੱਚੀਆਂ ਦਾ ਰੋ-ਰੋ ਬੁਰਾ ਹਾਲ

By  Lajwinder Kaur April 10th 2026 12:27 PM -- Updated: April 10th 2026 12:35 PM

ਬਹੁਤ ਸਾਰੇ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ਾਂ ਦੇ ਵੱਲ ਰੁਖ ਕਰਦੇ ਹਨ। ਇਨ੍ਹਾਂ ਨੌਜਵਾਨਾਂ ਦਾ ਇੱਕ ਸੁਫਨਾ ਹੁੰਦਾ ਹੈ ਕਿ ਹੱਡ ਭੰਨਵੀਂ ਮਿਹਨਤ ਕਰਕੇ ਘਰ ਦੀ ਗਰੀਬੀ ਦੂਰ ਕਰ ਦੇਈਏ। ਅਜਿਹਾ ਹੀ ਇੱਕ ਸੁਫਨਾ ਲੈ ਕੇ ਦੋ ਸਾਲ ਪਹਿਲਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਮੁਸ਼ਾਹਪੁਰ ਦਾ ਰਹਿਣ ਵਾਲਾ ਰਜਿੰਦਰ ਸਿੰਘ ਅਮਰੀਕਾ ਗਿਆ ਸੀ। ਪਰ ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਦੋ ਸਾਲ ਬਾਅਦ ਇੰਨੀ ਦੁਖਦਾਇਕ ਖਬਰ ਵਿਦੇਸ਼ ਦੀ ਧਰਤੀ ਤੋਂ ਆਏਗੀ। 

ਦੋ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਗਿਆ ਸੀ ਵਿਦੇਸ਼

ਪਿੰਡ ਦੇ ਲੋਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਰਜਿੰਦਰ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਖ਼ਬਰ ਨੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।ਰਜਿੰਦਰ ਦੇ ਭਰਾ ਨੇ ਖੁਲਾਸਾ ਕੀਤਾ ਕਿ ਉਹ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਮਿਨੀਸੋਟਾ ਵਿੱਚ ਰਹਿੰਦਾ ਸੀ। ਦੋ ਦਿਨ ਪਹਿਲਾਂ, ਅਮਰੀਕਾ ਤੋਂ ਰਜਿੰਦਰ ਦੇ ਦੋਸਤ ਨੇ ਫੋਨ ਕਰਕੇ ਉਸਨੂੰ ਉਸਦੀ ਮੌਤ ਦੀ ਜਾਣਕਾਰੀ 

ਦਿੱਤੀ। ਇਸ ਖ਼ਬਰ ਨੇ ਪੂਰੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ, ਕਿਉਂਕਿ ਰਜਿੰਦਰ ਇਕਲੌਤਾ ਕਮਾਉਣ ਵਾਲਾ ਸੀ। ਉਹ ਆਪਣੇ ਪਿੱਛੇ ਦੋ ਧੀਆਂ ਅਤੇ ਪਤਨੀ ਨੂੰ ਛੱਡ ਗਿਆ ਹੈ। ਜਿਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। 


ਪਰਿਵਾਰ ਨੇ ਦੱਸਿਆ ਕਿ ਉਸਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਪਰਿਵਾਰ ਦੀ ਵਿੱਤੀ ਸਥਿਤੀ ਬਹੁਤ ਖਰਾਬ ਹੈ। ਰਜਿੰਦਰ ਦੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ ਤਾਂ ਜੋ ਉਸਦਾ ਅੰਤਿਮ ਸੰਸਕਾਰ ਮੁਸ਼ਾਹਪੁਰ ਪਿੰਡ ਵਿੱਚ ਪੂਰੇ ਰੀਤੀ-ਰਿਵਾਜ ਨਾਲ ਕੀਤਾ ਜਾ ਸਕੇ।

ਦੱਸ ਦਈਏ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਕੈਨੇਡਾ, ਅਮਰੀਕਾ ਤੋਂ ਅਜਿਹੀਆਂ ਹੀ ਖਬਰਾਂ ਆ ਰਹੀਆਂ ਹਨ, ਜਿਨ੍ਹਾਂ 'ਚ ਪੰਜਾਬੀ ਨੌਜਵਾਨਾਂ ਦੀ ਮੌਤ ਹਾਰਟ ਅਟੈਕ ਕਰਕੇ ਹੋਈ ਹੈ। ਬਹੁਤ ਸਾਰੇ ਨੌਜਵਾਨ ਮਾਪਿਆਂ ਦੇ ਇਕਲੌਤੇ ਸਹਾਰੇ ਸਨ, ਜਿਸ ਕਰਕੇ ਪੰਜਾਬ ਦੇ ਵਿੱਚ ਅਜਿਹੇ ਬਹੁਤ ਘਰ ਨੇ ਜੋ ਕਿ ਹੁਣ ਸੁੰਨੇ ਹੋ ਗਏ ਹਨ।

© Copyright Galactic Television & Communications Pvt. Ltd. 2026. All rights reserved.