‘ਆਪ’ ਦੇ ਮੌਜੂਦਾ ਸਰਪੰਚ ਦਾ ਕਤਲ; ਤਲਵਾਰਾਂ ਨਾਲ ਹਮਲਾ ਕਰਨ ਤੋਂ ਬਾਅਦ ਚੜ੍ਹਾਈ ਗੱਡੀ; ਹਸਪਤਾਲ ਲੈ ਜਾਂਦੇ ਹੋਏ ਤੋੜਿਆ ਦਮ, ਪਿੰਡ ‘ਚ ਸੋਗ ਦੀ ਲਹਿਰ

ਹੁਸ਼ਿਆਰਪੁਰ ਵਿੱਚ ਮੰਗਲਵਾਰ ਰਾਤ ਨੂੰ ਘਰ ਦੇ ਬਾਹਰ ਆਮ ਆਦਮੀ ਪਾਰਟੀ (AAP) ਦੇ ਸਰਪੰਚ ਸਤਪਾਲ ਸਿੰਘ ਮਿੰਟਾ ਦੀ ਹੱਤਿਆ ਕਰ ਦਿੱਤੀ ਗਈ। ਤਲਵਾਰਾਂ ਨਾਲ ਲੈਸ ਨੌਜਵਾਨਾਂ ਨੇ ਪਹਿਲਾਂ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਕੀਤਾ ਅਤੇ ਫਿਰ ਤਲਵਾਰਾਂ ਨਾਲ ਹਮਲਾ ਕਰਨ ਲੱਗੇ।

By:  Lajwinder Kaur July 22nd 2026 10:17 AM -- Updated: July 22nd 2026 10:39 AM

ਹੁਸ਼ਿਆਰਪੁਰ ਵਿੱਚ ਮੰਗਲਵਾਰ ਰਾਤ ਨੂੰ ਘਰ ਦੇ ਬਾਹਰ ਆਮ ਆਦਮੀ ਪਾਰਟੀ (AAP) ਦੇ ਸਰਪੰਚ ਸਤਪਾਲ ਸਿੰਘ ਮਿੰਟਾ ਦੀ ਹੱਤਿਆ ਕਰ ਦਿੱਤੀ ਗਈ। ਤਲਵਾਰਾਂ ਨਾਲ ਲੈਸ ਨੌਜਵਾਨਾਂ ਨੇ ਪਹਿਲਾਂ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਕੀਤਾ ਅਤੇ ਫਿਰ ਤਲਵਾਰਾਂ ਨਾਲ ਹਮਲਾ ਕਰਨ ਲੱਗੇ।

ਜਦੋਂ ਸਰਪੰਚ ਲੜਾਈ ਰੋਕਣ ਲਈ ਘਰੋਂ ਬਾਹਰ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਉੱਪਰ ਕਾਰ ਚੜ੍ਹਾ ਦਿੱਤੀ। ਉਹ ਇੱਥੇ ਹੀ ਨਹੀਂ ਰੁਕੇ ਅਤੇ ਸਰਪੰਚ ਉੱਪਰ ਗੱਡੀ ਚੜ੍ਹਾ ਕੇ ਕਾਰ ਨੂੰ ਦੋ ਵਾਰ ਅੱਗੇ-ਪਿੱਛੇ ਕੀਤਾ।

ਮੁੜ ਆਰੋਪੀਆਂ ਨੇ ਕੀਤਾ ਹਮਲਾ

ਜਦੋਂ ਉਨ੍ਹਾਂ ਦਾ ਬੇਟਾ ਰਾਹੁਲ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਰਸਤੇ ਵਿੱਚ ਬਲੇਰੋ ਗੱਡੀ ਵਿੱਚ ਆਏ ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਪਰਿਵਾਰ ਉੱਪਰ ਹਮਲੇ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਪਰਿਵਾਰ ਆਪਣੀ ਕਾਰ ਨੂੰ ਰਿਵਰਸ ਕਰਕੇ ਉੱਥੋਂ ਭੱਜ ਨਿਕਲਿਆ, ਪਰ ਉਦੋਂ ਤੱਕ ਪਿਤਾ ਨੇ ਦਮ ਤੋੜ ਦਿੱਤਾ ਸੀ।

ਪੁਲਿਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਲਵਾਰਾਂ ਨਾਲ ਪਹੁੰਚੇ ਦੋਸ਼ੀ: ਚਸ਼ਮਦੀਦ ਗੁਰਿੰਦਰ ਸਿੰਘ ਗੋਲਡੀ ਦੇ ਅਨੁਸਾਰ, ਰਾਤ 8 ਵਜੇ ਦੇ ਕਰੀਬ 15 ਤੋਂ 20 ਦੋਸ਼ੀ ਆਲਟੋ ਅਤੇ ਫੋਰਡ ਫਿਗੋ ਕਾਰਾਂ ਵਿੱਚ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸਿੱਧੇ ਸਰਪੰਚ ਸਤਪਾਲ ਸਿੰਘ (55) ਦੇ ਘਰ ਪਹੁੰਚ ਗਏ। ਘਰ ਦੇ ਬਾਹਰ ਖੜ੍ਹੀ ਗੱਡੀ ਹਟਾਉਣ ਨੂੰ ਲੈ ਕੇ ਬਹਿਸ ਹੋਈ ਅਤੇ ਦੇਖਦੇ ਹੀ ਦੇਖਦੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ।

ਪਹਿਲਾਂ ਗੱਡੀ ਚੜ੍ਹਾਈ, ਫਿਰ ਤੇਜ਼ਧਾਰ ਹਥਿਆਰਾਂ ਨਾਲ ਵਾਰ

ਆਨੰਦਗੜ੍ਹ ਪਿੰਡ ਦੇ ਰਹਿਣ ਵਾਲੇ ਮ੍ਰਿਤਕ ਦੇ ਪੁੱਤਰ ਰਾਹੁਲ ਦੇ ਅਨੁਸਾਰ, ਜਦੋਂ ਪਿਤਾ ਬਦਮਾਸ਼ਾਂ ਨੂੰ ਰੋਕਣ ਲਈ ਬਾਹਰ ਆਏ ਤਾਂ ਤਲਵਾਰ ਨਾਲ ਕਈ ਵਾਰ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਹੱਥ ਨਾਲ ਤਲਵਾਰ ਫੜ ਲਈ। ਪਰ ਦੋਸ਼ੀਆਂ ਨੇ ਆਪਣੀ ਕਾਰ ਦੋ ਵਾਰ ਰਿਵਰਸ ਕਰਕੇ ਸਰਪੰਚ ਸਤਪਾਲ ਮਿੰਟਾ ਉੱਪਰ ਚੜ੍ਹਾ ਦਿੱਤੀ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਅਜੇ ਜ਼ਿੰਦਾ ਹਨ, ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੁਬਾਰਾ ਹਮਲਾ ਕੀਤਾ। ਘਰ ਦੇ ਲੋਕ ਅਤੇ ਔਰਤਾਂ ਇਕੱਠੀਆਂ ਹੋਣ 'ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਹਸਪਤਾਲ ਲੈ ਜਾਂਦੇ ਸਮੇਂ ਵੀ ਨਹੀਂ ਛੱਡਿਆ ਪਿੱਛਾ

ਰਾਹੁਲ ਨੇ ਦੱਸਿਆ ਕਿ ਜਦੋਂ ਉਹ ਪਿਤਾ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ, ਤਾਂ ਦੋਸ਼ੀਆਂ ਨੇ ਰਸਤੇ ਵਿੱਚ ਬੋਲੇਰੋ ਗੱਡੀ ਅੜਾ ਕੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਗੱਡੀ ਰਿਵਰਸ ਕਰਕੇ ਦੋਸ਼ੀਆਂ ਦੀ ਗੱਡੀ ਵਿੱਚ ਟੱਕਰ ਮਾਰੀ ਅਤੇ ਸਿੱਧੇ ਮੁੱਖ ਥਾਣੇ ਦੇ ਗੇਟ ਦੇ ਅੰਦਰ ਗੱਡੀ ਲੈ ਗਏ। ਇਸ ਤੋਂ ਬਾਅਦ ਹਸਪਤਾਲ ਪਹੁੰਚੇ, ਪਰ ਉਦੋਂ ਤੱਕ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।

ਇਨ੍ਹਾਂ ਲੋਕਾਂ ਉੱਪਰ ਲਗਾਏ ਗੰਭੀਰ ਦੋਸ਼

ਪਰਿਵਾਰਕ ਮੈਂਬਰਾਂ ਅਨੁਸਾਰ, ਹਮਲਾਵਰਾਂ ਵਿੱਚ ਜਾਨਖੇੜੀ ਨਿਵਾਸੀ ਭਾਗੂ, ਮਹਲਾਂਵਾਲੀ ਦੇ ਅੰਕੂ, ਪੰਕਜ ਪਠਾਨੀਆ ਸਮੇਤ 20 ਲੋਕ ਸ਼ਾਮਲ ਸਨ। ਇਹ 20 ਨੌਜਵਾਨ ਦੋ ਕਾਰਾਂ ਅਤੇ ਕਈ ਮੋਟਰਸਾਈਕਲਾਂ 'ਤੇ ਆਏ ਸਨ। ਇਸ ਦੇ ਨਾਲ ਹੀ, ਸੇਵਾਮੁਕਤ ਫ਼ੌਜੀ ਅਤੇ ਅੰਕੂ ਦੇ ਚਾਚਾ ਜੱਸੀ ਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ।

ਰਾਜੀਨਾਮੇ ਲਈ ਬੁਲਾਉਣ ਦੇ ਚਲਦਿਆਂ ਰੰਜਿਸ਼ ਰੱਖੀ

ਪੁੱਤਰ ਰਾਹੁਲ ਅਨੁਸਾਰ, ਕੁਝ ਸਮਾਂ ਪਹਿਲਾਂ ਗੁਆਂਢੀ ਪਿੰਡ ਦੇ ਨੌਜਵਾਨਾਂ ਵਿੱਚ ਇੱਕ ਵਿਵਾਦ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਪਿਤਾ ਸਤਪਾਲ ਨੇ ਵਿਚੋਲਗੀ ਕਰਕੇ ਰਾਜੀਨਾਮੇ ਰਾਹੀਂ ਸੁਲਝਾਇਆ ਸੀ। ਇਸ ਸਮਝੌਤੇ ਨੂੰ ਲੈ ਕੇ ਹਮਲਾਵਰ ਮਨ ਵਿੱਚ ਰੰਜਿਸ਼ ਰੱਖੀ ਬੈਠੇ ਸਨ। ਮੰਗਲਵਾਰ ਨੂੰ ਰੰਜਿਸ਼ ਤਹਿਤ ਹਮਲਾਵਰਾਂ ਨੇ ਪਹਿਲਾਂ ਸਰਪੰਚ ਉੱਪਰ ਆਪਣੀ ਗੱਡੀ ਦੋ ਤੋਂ ਤਿੰਨ ਵਾਰ ਚੜ੍ਹਾਈ ਅਤੇ ਫਿਰ ਗੱਡੀ ਵਿੱਚੋਂ ਉਤਰ ਕੇ ਉਨ੍ਹਾਂ ਉੱਪਰ ਤਲਵਾਰ ਨਾਲ ਤਾਬੜਤੋੜ ਵਾਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਡੀਐਸਪੀ ਬੋਲੇ- ਕੁਝ ਦੋਸ਼ੀ ਹਿਰਾਸਤ ਵਿੱਚ, ਜਾਂਚ ਜਾਰੀ

ਡੀਐਸਪੀ ਸਿਟੀ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਸੀ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਪੰਚ ਦੀ ਹਤਿਆ ਉਨ੍ਹਾਂ ਉੱਪਰ ਗੱਡੀ ਚੜ੍ਹਾ ਕੇ ਕੀਤੀ ਗਈ ਹੈ। ਹਤਿਆ ਦੇ ਪਿੱਛੇ ਦੀ ਵਜ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਪੜਤਾਲ ਜਾਰੀ ਹੈ।

© Copyright Galactic Television & Communications Pvt. Ltd. 2026. All rights reserved.