ਹਿਮਾਚਲ ਯੂਥ ਕਾਂਗਰਸ ਨੂੰ ਵੱਡਾ ਝਟਕਾ! ਨਹੀਂ ਰਹੇ ਮੀਤ ਪ੍ਰਧਾਨ, ਇਸ ਵਜ੍ਹਾ ਕਰਕੇ ਤੋੜਿਆ ਦਮ, CM ਨੇ ਜਤਾਇਆ ਦੁੱਖ

ਹਿਮਾਚਲ ਪ੍ਰਦੇਸ਼ ਤੋਂ ਸਿਆਸੀ ਜਗਤ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਯੂਥ ਕਾਂਗਰਸ ਦੇ ਉਪ ਪ੍ਰਧਾਨ ਚੰਦਰਮਣੀ ਕੁਲੇਠੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਭਰਮੌਰ ਵਿਧਾਨ ਸਭਾ ਹਲਕੇ ਦੀ ਹੋਲੀ ਘਾਟੀ ਵਿੱਚ ਵਾਪਰਿਆ, ਜਿੱਥੇ ਉਹ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਕਰ ਰਹੇ ਸਨ।

By:  Lajwinder Kaur October 22nd 2026 05:27 PM -- Updated: October 22nd 2026 05:29 PM

ਹਿਮਾਚਲ ਪ੍ਰਦੇਸ਼ ਤੋਂ ਸਿਆਸੀ ਜਗਤ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਯੂਥ ਕਾਂਗਰਸ ਦੇ ਉਪ ਪ੍ਰਧਾਨ ਚੰਦਰਮਣੀ ਕੁਲੇਠੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਭਰਮੌਰ ਵਿਧਾਨ ਸਭਾ ਹਲਕੇ ਦੀ ਹੋਲੀ ਘਾਟੀ ਵਿੱਚ ਵਾਪਰਿਆ, ਜਿੱਥੇ ਉਹ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਕਰ ਰਹੇ ਸਨ।

ਜਾਣਕਾਰੀ ਮੁਤਾਬਕ, ਚੰਦਰਮਣੀ ਕੁਲੇਠੀ ਰਾਤ ਕਰੀਬ 12 ਵਜੇ ਪੋਸਟਰ, ਬੈਨਰ ਅਤੇ ਝੰਡੇ ਲਗਾ ਰਹੇ ਸਨ। ਇਸ ਦੌਰਾਨ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚੰਦਰਮਣੀ ਆਪਣੇ ਸਾਥੀਆਂ ਨਾਲ ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ।

CM ਸੁੱਖੂ ਅਤੇ ਵਿਕਰਮਾਦਿੱਤਿਆ ਸਿੰਘ ਨੇ ਪ੍ਰਗਟਾਇਆ ਦੁੱਖ

ਚੰਦਰਮਣੀ ਕੁਲੇਠੀ ਦੀ ਮੌਤ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸੁੱਖੂ ਹੋਲੀ ਵਿੱਚ ਚੰਦਰਮਣੀ ਦੇ ਅੰਤਿਮ ਸੰਸਕਾਰ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਹੋਣਗੇ।

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਚੰਦਰਮਣੀ

ਚੰਦਰਮਣੀ ਕੁਲੇਠੀ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੇ ਪਿਤਾ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ। ਚੰਦਰਮਣੀ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਦੋ ਸਾਲ ਦਾ ਪੁੱਤਰ ਛੱਡ ਗਏ ਹਨ।

ਚੰਦਰਮਣੀ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ। ਉਹ ਸਾਬਕਾ ਮੰਤਰੀ ਠਾਕੁਰ ਸਿੰਘ ਭਰਮੌਰੀ ਅਤੇ ਮੰਤਰੀ ਵਿਕਰਮਾਦਿੱਤਿਆ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ। ਇਸ ਵਾਰ ਉਨ੍ਹਾਂ ਨੂੰ ਭਰਮੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਾ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਸੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਇਸ ਨਾਲ ਜੁੜੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਬਾਰੇ ਹੋਰ ਵੇਰਵੇ ਸਾਹਮਣੇ ਆਉਣਗੇ।

© Copyright Galactic Television & Communications Pvt. Ltd. 2026. All rights reserved.