ਉੱਤਰ ਭਾਰਤ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਜਿਸ ਕਰਕੇ ਪੰਜਾਬ ਸਣੇ ਪਹਾੜੀ ਇਲਾਕਿਆਂ ‘ਚ ਵੀ ਮੀਂਹ ਪੈ ਰਿਹਾ ਹੈ। ਦੱਸ ਦਈਏ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਬਾਰਿਸ਼ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਾਹੌਲ-ਸਪੀਤੀ ਵਿੱਚ ਬਰਫ਼ ਪਿਘਲਣ ਕਾਰਨ ਆਏ ਹੜ੍ਹਾਂ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਹਾਲਮਾ ਨਾਲੇ ਵਿੱਚ ਹੜ੍ਹ ਆਉਣ ਕਾਰਨ ਸੜਕ ਵਹਿ ਗਈ, ਜਿਸ ਤੋਂ ਬਾਅਦ ਇੱਕ ਮਰੀਜ਼ ਨੂੰ ਜੇਸੀਬੀ ਦੀ ਬਾਲਟੀ (ਬਕੇਟ) ਵਿੱਚ ਬਿਠਾ ਕੇ ਨਦੀ ਪਾਰ ਕਰਵਾਈ ਗਈ।
ਇੱਥੇ ਆਇਆ ਹੜ੍ਹ
ਦੂਜੇ ਪਾਸੇ, ਸਿਰਮੌਰ ਦੇ ਪਾਉਂਟਾ ਸਾਹਿਬ ਵਿੱਚ ਸਭ ਤੋਂ ਵੱਧ 100.4 ਮਿਲੀਮੀਟਰ ਅਤੇ ਸੋਲਨ ਦੇ ਕਸੌਲੀ ਵਿੱਚ 86 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਕਿੰਨੌਰ ਦੇ ਲਿੱਪਾ ਪਿੰਡ ਵਿੱਚ ਅੱਧੀ ਰਾਤ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਪੇਜਰ ਖੱਡ (ਨਾਲੇ) ਵਿੱਚ ਹੜ੍ਹ ਆ ਗਿਆ। ਇਸ ਕਾਰਨ ਉੱਥੇ ਬਣੇ ਪੁਲ ਅਤੇ ਤਿੰਨ ਤੋਂ ਚਾਰ ਘਰਾਂ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਪਾਣੀ ਦੇ ਵਹਾਅ 'ਚ ਰੁੜੀ ਸੜਕ
ਰਿਸਪਾ ਪਿੰਡ ਨੂੰ ਜੋੜਨ ਵਾਲੀ ਸੜਕ ਵੀ ਚੇਰੰਗ ਖੱਡ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ ਹੈ। ਕਾਂਗੜਾ ਅਤੇ ਚੰਬਾ ਵਿੱਚ ਵੀ ਰਾਤ ਤੋਂ ਸਵੇਰ ਤੱਕ ਲਗਾਤਾਰ ਤੇਜ਼ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ (IMD) ਨੇ ਸੂਬੇ ਦੇ ਹੇਠਲੇ ਅਤੇ ਦਰਮਿਆਨੀ ਉਚਾਈ ਵਾਲੇ ਇਲਾਕਿਆਂ ਵਿੱਚ ਅਗਲੇ 48 ਘੰਟਿਆਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ
ਅੱਜ ਕਾਂਗੜਾ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ, ਕੁੱਲੂ ਅਤੇ ਸੋਲਨ ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਹੈ। ਇਸ ਦੌਰਾਨ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਦੋ ਤੋਂ ਤਿੰਨ ਦੌਰ ਦੇਖਣ ਨੂੰ ਮਿਲ ਸਕਦੇ ਹਨ। ਰਾਜ ਵਿੱਚ ਇਸ ਕਾਰਨ ਅਚਾਨਕ ਹੜ੍ਹ (ਫਲੈਸ਼ ਫਲੱਡ), ਜ਼ਮੀਨ ਖਿਸਕਣ (ਲੈਂਡਸਲਾਈਡ) ਅਤੇ ਪਾਣੀ ਭਰਨ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਕਿੰਨੌਰ ਅਤੇ ਲਾਹੌਲ-ਸਪੀਤੀ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ, ਜਦਕਿ ਬਾਕੀ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਚੱਲਣ ਦੀ ਸੰਭਾਵਨਾ ਹੈ।
ਕੱਲ੍ਹ 3 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ
ਕੱਲ੍ਹ (3 ਜੁਲਾਈ) ਵੀ ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਊਨਾ, ਹਮੀਰਪੁਰ, ਬਿਲਾਸਪੁਰ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਚਾਰ ਜੁਲਾਈ ਨੂੰ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਕੁਝ ਕਮਜ਼ੋਰ ਪੈ ਜਾਵੇਗੀ। ਇਸ ਦਿਨ ਸਿਰਫ਼ ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਹੀ 'ਯੈਲੋ ਅਲਰਟ' ਦੀ ਚੇਤਾਵਨੀ ਦਿੱਤੀ ਗਈ ਹੈ।