Haryana News: ਪਾਣੀਪਤ ‘ਚ ਵੱਡੀ ਵਾਰਦਾਤ, 8 ਲੱਖ ਦੇ ਸੋਨੇ ਦੇ ਕੜੇ ਚੋਰੀ, ਇੰਝ ਈ-ਰਿਕਸ਼ਾ ਸਵਾਰ ਦੋ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬਣਿਆ ਸ਼ਿਕਾਰ
ਪਾਣੀਪਤ 'ਚ ਸਨਸਨੀਖੇਜ਼ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਵਪਾਰਕ ਖੇਤਰ ਸਲਾਰਗੰਜ ਗੇਟ ਤੋਂ ਖਰੀਦਦਾਰੀ ਕਰਕੇ ਈ-ਰਿਕਸ਼ਾ (E-Rickshaw) ਰਾਹੀਂ ਘਰ ਪਰਤ ਰਹੀ ਇੱਕ ਮਹਿਲਾ ਨਾਲ ਚੋਰੀ ਦੀ ਸਨਸਨੀਖੇਜ਼ ਵਾਰਦਾਤ ਵਾਪਰੀ ਹੈ। ਈ-ਰਿਕਸ਼ਾ ਵਿੱਚ ਸਵਾਰੀ ਬਣ ਕੇ ਬੈਠੀ ਇੱਕ ਸ਼ਾਤਿਰ ਔਰਤ ਅਤੇ ਲੜਕੀ ਨੇ ਮਹਿਲਾ ਦੇ ਹੱਥ ਵਿੱਚ ਫੜੇ ਪਲਾਸਟਿਕ ਦੇ ਲਿਫਾਫੇ ਨੂੰ ਕੱਟ ਕੇ ਕਰੀਬ 55 ਗ੍ਰਾਮ ਵਜ਼ਨ ਦੇ ਸੋਨੇ ਦੇ ਕੜੇ ਉਡਾ ਲਏ। ਤਹਿਸੀਲ ਕੈਂਪ ਥਾਣਾ ਪੁਲਿਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਓ ਜਾਣਦੇ ਹਾਂ ਪੂਰੀ ਘਟਨਾ ਵਾਪਰੀ ਕਿਵੇਂ?
ਸਲਾਰਗੰਜ ਗੇਟ ਤੋਂ ਵ੍ਰਿੰਦਾ ਐਨਕਲੇਵ ਜਾ ਰਹੀ ਸੀ ਮਹਿਲਾ
ਹੁੱਡਾ ਸੈਕਟਰ 13-17 ਦੇ ਵ੍ਰਿੰਦਾ ਐਨਕਲੇਵ ਦੀ ਰਹਿਣ ਵਾਲੀ ਪ੍ਰੇਮਲਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 26 ਫਰਵਰੀ ਦੀ ਸ਼ਾਮ ਕਰੀਬ 6:40 ਵਜੇ ਆਪਣੀ ਨੂੰਹ ਨਾਲ ਸਲਾਰਗੰਜ ਗੇਟ ਸਥਿਤ 'ਪੂਜਾ ਬਿਊਟੀ ਹਬ' 'ਤੇ ਗਈ ਸੀ। ਖਰੀਦਦਾਰੀ ਤੋਂ ਬਾਅਦ, ਉਨ੍ਹਾਂ ਦੀ ਨੂੰਹ ਪੂਜਾ ਨੇ ਆਪਣੇ ਦੋਵਾਂ ਹੱਥਾਂ ਦੇ ਸੋਨੇ ਦੇ ਕੜੇ ਜਿਨ੍ਹਾਂ ਦਾ ਵਜ਼ਨ 55 ਗ੍ਰਾਮ ਦੇ ਲਗਭਗ ਸੀ, ਉਤਾਰ ਕੇ ਸੱਸ ਨੂੰ ਦੇ ਦਿੱਤੇ। ਪ੍ਰੇਮਲਤਾ ਨੇ ਕੜਿਆਂ ਨੂੰ ਇੱਕ ਛੋਟੇ ਪਰਸ ਵਿੱਚ ਰੱਖਿਆ, ਜਿਸ ਨੂੰ ਪਹਿਲਾਂ ਇੱਕ ਪੋਲੀਥੀਨ ਵਿੱਚ ਅਤੇ ਫਿਰ ਉਸ ਨੂੰ ਦੂਜੇ ਵੱਡੇ ਪਲਾਸਟਿਕ ਦੇ ਲਿਫਾਫੇ ‘ਚ ਸੁਰੱਖਿਅਤ ਰੱਖ ਲਿਆ।
ਫ਼ਤਿਹਪੁਰੀ ਚੌਕ ਤੋਂ ਈ-ਰਿਕਸ਼ਾ ਵਿੱਚ ਚੜ੍ਹੇ ਸ਼ੱਕੀ
ਪੀੜਤਾ ਦੇ ਅਨੁਸਾਰ, ਉਹ ਦੋਵੇਂ ਸਲਾਰਗੰਜ ਗੇਟ ਤੋਂ ਈ-ਰਿਕਸ਼ਾ ਵਿੱਚ ਬੈਠ ਕੇ ਘਰ ਲਈ ਨਿਕਲੀਆਂ ਸਨ। ਜਦੋਂ ਰਿਕਸ਼ਾ ਫ਼ਤਿਹਪੁਰੀ ਚੌਕ ਪਹੁੰਚਿਆ, ਤਾਂ ਉੱਥੋਂ ਇੱਕ ਅਣਪਛਾਤੀ ਔਰਤ, ਇੱਕ ਲੜਕੀ ਅਤੇ ਇੱਕ ਬੱਚਾ ਵੀ ਉਸੇ ਈ-ਰਿਕਸ਼ਾ ਵਿੱਚ ਆ ਕੇ ਬੈਠ ਗਏ। ਇਹ ਤਿੰਨੋਂ ਮੁਲਜ਼ਮ ਬਰਸਤ ਰੋਡ ਚੁੰਗੀ ਤੋਂ ਠੀਕ ਪਹਿਲਾਂ ਈ-ਰਿਕਸ਼ਾ ਤੋਂ ਉਤਰ ਗਏ।
ਫਟੀ ਹੋਈ ਥੈਲੀ ਦੇਖ ਪੈਰਾਂ ਥੱਲੋਂ ਖਿਸਕੀ ਜ਼ਮੀਨ
ਮੁਲਜ਼ਮਾਂ ਦੇ ਉਤਰਨ ਤੋਂ ਕੁਝ ਹੀ ਦੇਰ ਬਾਅਦ ਜਦੋਂ ਪ੍ਰੇਮਲਤਾ ਨੇ ਆਪਣੇ ਹੱਥ ਵਿੱਚ ਫੜਿਆ ਪਲਾਸਟਿਕ ਦਾ ਲਿਫਾਫਾ ਚੈੱਕ ਕੀਤਾ, ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਥੈਲੀ ਹੇਠਾਂ ਤੋਂ ਫਟੀ ਹੋਈ ਸੀ ਅਤੇ ਉਸ ਵਿੱਚ ਰੱਖਿਆ ਛੋਟਾ ਪਰਸ ਤੇ ਸੋਨੇ ਦੇ ਕੜੇ ਗਾਇਬ ਸਨ। ਪੀੜਤਾ ਦਾ ਦੋਸ਼ ਹੈ ਕਿ ਈ-ਰਿਕਸ਼ਾ ਵਿੱਚ ਨਾਲ ਬੈਠੀ ਔਰਤ ਅਤੇ ਲੜਕੀ ਨੇ ਭੀੜ ਦਾ ਫ਼ਾਇਦਾ ਉਠਾ ਕੇ ਕਟਰ ਜਾਂ ਬਲੇਡ ਨਾਲ ਥੈਲੀ ਕੱਟੀ ਅਤੇ ਗਹਿਣੇ ਚੋਰੀ ਕਰ ਲਏ।
ਇਸ ਘਟਨਾ ਤੋਂ ਅਜਿਹਾ ਲੱਗ ਰਿਹਾ ਹੈ ਕਿ ਚੋਰ ਔਰਤਾਂ ਨੂੰ ਪਤਾ ਸੀ ਕਿ ਥੈਲੀ ਦੇ ਵਿੱਚ ਸੋਨੇ ਦੇ ਕੜੇ ਹੋਏ ਹਨ। ਇਸ ਕਰਕੇ ਉਹ ਪਿੱਛੇ ਲੱਗ ਗਈਆਂ ਤੇ ਮੌਕਾ ਦੇਖ ਆਪਣੇ ਹੱਥ ਦੀ ਸਫਾਈ ਦੇ ਨਾਲ ਕੜੇ ਉੱਡਾ ਲੈ ਗਈਆਂ।
ਪੁਲਿਸ ਖੰਗਾਲ ਰਹੀ ਹੈ CCTV
ਤਹਿਸੀਲ ਕੈਂਪ ਥਾਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੀ ਮਹਿਲਾ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਫ਼ਤਿਹਪੁਰੀ ਚੌਕ ਤੋਂ ਲੈ ਕੇ ਬਰਸਤ ਰੋਡ ਚੁੰਗੀ ਤੱਕ ਦੇ ਰਸਤੇ 'ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।