ਹਿਸਾਰ ਪਾਵਰ ਪਲਾਂਟ ਦੀ 600 ਮੈਗਾਵਾਟ ਯੂਨਿਟ ਬੰਦ, ਬੁਲਾਏ ਗਏ ਚੀਨ ਤੋਂ ਇੰਜੀਨੀਅਰ, ਪਿੰਡਾਂ ‘ਚ ਵਧੇ ਪਾਵਰ ਕੱਟ, ਲੋਕ ਪ੍ਰੇਸ਼ਾਨ

ਹਰਿਆਣਾ ਦੇ ਹਿਸਾਰ ਦੇ ਲੋਕਾਂ ਨੂੰ ਲੰਬੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਪਿੱਛੇ ਵਜ੍ਹਾ ਹੈ ਕਿ ਖੇਦੜ ਪਾਵਰ ਪਲਾਂਟ ਦੀ ਇੱਕ ਯੂਨਿਟ ਵਿੱਚ ਖ਼ਰਾਬੀ ਆਉਣ ਕਾਰਨ ਇਹ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ।

By:  Lajwinder Kaur September 11th 2026 03:38 PM -- Updated: September 11th 2026 03:53 PM

ਹਿਸਾਰ ਦੇ ਬਰਵਾਲਾ ਸਥਿਤ ਖੇਦੜ ਪਾਵਰ ਪਲਾਂਟ ਦੀ ਇੱਕ ਯੂਨਿਟ ਵਿੱਚ ਖ਼ਰਾਬੀ ਆਉਣ ਕਾਰਨ ਇਹ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ। ਯੂਨਿਟ ਬੰਦ ਹੋਣ ਕਾਰਨ ਬਿਜਲੀ ਉਤਪਾਦਨ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਦੇ ਨਤੀਜੇ ਵਜੋਂ ਪਿੰਡਾਂ ਅਤੇ ਖੇਤਾਂ ਵਾਲੀਆਂ ਲਾਈਨਾਂ ਉੱਤੇ ਰਾਤ ਸਮੇਂ ਬਿਜਲੀ ਦੇ ਕੱਟ ਵਧ ਗਏ ਹਨ।

ਤਕਨੀਕੀ ਖ਼ਰਾਬੀ ਕਾਰਨ ਬੰਦ

ਰਾਜੀਵ ਗਾਂਧੀ ਖੇਦੜ ਪਾਵਰ ਪਲਾਂਟ ਦੇ ਚੀਫ਼ ਇੰਜੀਨੀਅਰ ਅਸ਼ੋਕ ਮਹੇਸ਼ਵਰੀ ਨੇ ਦੱਸਿਆ ਕਿ ਪਲਾਂਟ ਵਿੱਚ 600-600 ਮੈਗਾਵਾਟ ਦੀਆਂ ਦੋ ਵੱਡੀਆਂ ਯੂਨਿਟਾਂ ਹਨ, ਜਿਨ੍ਹਾਂ ਵਿੱਚੋਂ ਇੱਕ ਯੂਨਿਟ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ। ਪਲਾਂਟ ਵਿੱਚ ਚੀਨੀ ਮਸ਼ੀਨਾਂ ਲੱਗੀਆਂ ਹੋਣ ਕਾਰਨ ਇਸ ਨੂੰ ਠੀਕ ਕਰਨ ਲਈ ਵਿਸ਼ੇਸ਼ ਤੌਰ ‘ਤੇ ਚੀਨ ਤੋਂ ਇੰਜੀਨੀਅਰ ਬੁਲਾਉਣੇ ਪਏ ਹਨ। ਯੂਨਿਟ ਨੂੰ ਮੁਰੰਮਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਕੱਲ੍ਹ ਤੱਕ ਬਿਜਲੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਸੁਚਾਰੂ ਕਰ ਦਿੱਤਾ ਜਾਵੇਗਾ।

ਯੂਨਿਟ ਨੂੰ ਠੀਕ ਕਰਨ ‘ਤੇ ਆਵੇਗਾ ਕਰੋੜਾਂ ਦਾ ਖ਼ਰਚ

ਦੱਸਿਆ ਜਾ ਰਿਹਾ ਹੈ ਕਿ ਖੇਦੜ ਪਲਾਂਟ ਦੀ ਯੂਨਿਟ ਵਿੱਚ ਆਈ ਇਸ ਖ਼ਰਾਬੀ ਨੂੰ ਠੀਕ ਕਰਨ ਵਿੱਚ ਕਰੋੜਾਂ ਰੁਪਏ ਦੀ ਲਾਗਤ ਆਉਂਦੀ ਹੈ। ਪਲਾਂਟ ਵਿੱਚ ਲੱਗੀਆਂ ਚੀਨੀ ਮਸ਼ੀਨਾਂ ਭਾਰਤੀ ਇੰਜੀਨੀਅਰਾਂ ਤੋਂ ਠੀਕ ਨਾ ਹੋਣ ਕਾਰਨ ਹੀ ਮਜਬੂਰਨ ਭਾਰੀ ਖ਼ਰਚਾ ਕਰਕੇ ਚੀਨ ਤੋਂ ਵਿਸ਼ੇਸ਼ ਇੰਜੀਨੀਅਰਾਂ ਨੂੰ ਬੁਲਾਉਣਾ ਪਿਆ ਹੈ। ਹਾਲਾਂਕਿ, ਪ੍ਰਬੰਧਕਾਂ ਦਾ ਦਾਅਵਾ ਹੈ ਕਿ ਮਸ਼ੀਨਾਂ ਵਿੱਚ ਅਜਿਹੀਆਂ ਤਕਨੀਕੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਆਮ ਤੌਰ ‘ਤੇ ਇਨ੍ਹਾਂ ਨੂੰ ਪਲਾਂਟ ਦੇ ਆਪਣੇ ਇੰਜੀਨੀਅਰ ਹੀ ਦਰੁਸਤ ਕਰ ਲੈਂਦੇ ਹਨ।

© Copyright Galactic Television & Communications Pvt. Ltd. 2026. All rights reserved.