ਹਰਿਆਣਾ 'ਚ ਚੋਣਾਂ ਦਾ ਬਿਗੁਲ: 7 ਨਗਰ ਨਿਗਮਾਂ ਲਈ 10 ਮਈ ਨੂੰ ਵੋਟਿੰਗ, 13 ਨੂੰ ਆਉਣਗੇ ਨਤੀਜੇ

By  Lajwinder Kaur April 13th 2026 05:15 PM -- Updated: April 13th 2026 05:19 PM

ਹਰਿਆਣਾ ‘ਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਜੀ ਹਾਂ ਹਰਿਆਣਾ ਵਿੱਚ ਸੋਮਵਾਰ ਨੂੰ 7 ਨਗਰ ਨਿਗਮਾਂ ਦੀਆਂ ਆਮ ਚੋਣਾਂ ਅਤੇ ਪੰਚਾਇਤੀ ਰਾਜ ਦੇ 528 ਅਹੁਦਿਆਂ 'ਤੇ ਉਪ-ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਿਆਣਾ ਰਾਜ ਚੋਣ ਕਮਿਸ਼ਨਰ ਦੇਵੇਂਦਰ ਕਲਿਆਣ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਸੋਨੀਪਤ, ਪੰਚਕੂਲਾ ਅਤੇ ਅੰਬਾਲਾ ਨਗਰ ਨਿਗਮ ਸਮੇਤ ਰੇਵਾੜੀ ਨਗਰ ਕੌਂਸਲ, ਉਕਲਾਨਾ, ਧਾਰੂਹੇੜਾ ਅਤੇ ਸਾਂਪਲਾ ਨਗਰ ਪਾਲਿਕਾ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ।

ਇਸ ਤਰੀਕ ਨੂੰ ਆਉਣਗੇ ਨਤੀਜੇ

ਇਨ੍ਹਾਂ ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸਬੰਧਤ ਇਲਾਕਿਆਂ ਵਿੱਚ ਆਦਰਸ਼ ਚੋਣ ਜ਼ਾਬਤਾ (Model Code of Conduct) ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਹੁਣ ਇਨ੍ਹਾਂ ਖੇਤਰਾਂ ਵਿੱਚ ਸਰਕਾਰ ਵੱਲੋਂ ਕੋਈ ਵੀ ਨਵਾਂ ਵਿਕਾਸ ਕਾਰਜ ਜਾਂ ਲੋਕ-ਲੁਭਾਊ ਐਲਾਨ ਨਹੀਂ ਕੀਤਾ ਜਾ ਸਕੇਗਾ।

21 ਅਪ੍ਰੈਲ ਤੋਂ ਸ਼ੁਰੂ ਹੋਏਗੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ

ਹਰਿਆਣਾ ਚੋਣ ਕਮਿਸ਼ਨਰ ਅਨੁਸਾਰ ਇਸ ਵਾਰ ਮੇਅਰ ਅਤੇ ਚੇਅਰਮੈਨ ਦੀ ਚੋਣ ਸਿੱਧੀ ਹੋਵੇਗੀ, ਜਿਸ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 21 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਚੋਣਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਪਹਿਲੀ ਵਾਰ NOTA ਦਾ ਬਟਨ ਉਪਲਬਧ ਤਾਂ ਹੋਵੇਗਾ, ਪਰ ਇਸ ਦਾ ਚੋਣ ਨਤੀਜਿਆਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। 

EVM ਰਾਹੀਂ ਹੋਏਗੀ ਵੋਟਿੰਗ

ਵੋਟਿੰਗ EVM ਰਾਹੀਂ ਕਰਵਾਈ ਜਾਵੇਗੀ, ਹਾਲਾਂਕਿ ਇਸ ਵਾਰ ਵੀਵੀਪੈਟ (VVPAT) ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਚੋਣ ਡਿਊਟੀ ਕਰਨ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਨੂੰ ਹੁਣ ਕੇਂਦਰੀ ਚੋਣ ਕਮਿਸ਼ਨ ਦੀਆਂ ਨਿਰਧਾਰਤ ਦਰਾਂ ਦੇ ਬਰਾਬਰ ਮਾਣਭੱਤਾ ਦਿੱਤਾ ਜਾਵੇਗਾ।

ਚੋਣ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਣੀਪਤ ਅਤੇ ਕਰਨਾਲ ਜ਼ਿਲ੍ਹਾ ਪ੍ਰੀਸ਼ਦ ਦੇ 1-1 ਵਾਰਡ, 12 ਬਲਾਕ ਸੰਮਤੀ ਮੈਂਬਰਾਂ, 29 ਸਰਪੰਚਾਂ ਅਤੇ 485 ਪੰਚਾਂ ਦੇ ਅਹੁਦਿਆਂ ਲਈ ਵੀ ਉਪ-ਚੋਣਾਂ 10 ਮਈ ਨੂੰ ਹੀ ਹੋਣਗੀਆਂ। ਇਨ੍ਹਾਂ ਪੇਂਡੂ ਚੋਣਾਂ ਦੇ ਨਤੀਜੇ ਵੋਟਿੰਗ ਵਾਲੇ ਦਿਨ ਹੀ ਗਿਣਤੀ ਕਰਕੇ ਐਲਾਨ ਦਿੱਤੇ ਜਾਣਗੇ।

ਚੋਣਾਂ ਦਾ ਪੂਰਾ ਸ਼ਡਿਊਲ: ਨਾਮਜ਼ਦਗੀ ਤੋਂ ਲੈ ਕੇ ਨਤੀਜਿਆਂ ਤੱਕ

ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਰਸਮੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਨਾਮਜ਼ਦਗੀ ਲਈ ਨੋਟਿਸ 15 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। ਚੋਣ ਲੜਨ ਦੇ ਚਾਹਵਾਨ ਉਮੀਦਵਾਰ 21 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਇਸ ਤੋਂ ਬਾਅਦ, ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਜਾਂਚ 27 ਅਪ੍ਰੈਲ ਨੂੰ ਕੀਤੀ ਜਾਵੇਗੀ।

ਜਿਹੜੇ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦੇ, ਉਹ 28 ਅਪ੍ਰੈਲ ਨੂੰ ਆਪਣਾ ਨਾਮ ਵਾਪਸ ਲੈ ਸਕਦੇ ਹਨ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਜਾਣਗੇ। ਚੋਣਾਂ ਲਈ ਵੋਟਿੰਗ 10 ਮਈ ਨੂੰ ਹੋਵੇਗੀ, ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਜੇਕਰ ਕਿਸੇ ਕਾਰਨ ਕਰਕੇ ਕਿਸੇ ਥਾਂ 'ਤੇ ਦੁਬਾਰਾ ਵੋਟਿੰਗ ਦੀ ਲੋੜ ਪੈਂਦੀ ਹੈ, ਤਾਂ ਉਹ 12 ਮਈ ਨੂੰ ਕਰਵਾਈ ਜਾਵੇਗੀ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ ਅਤੇ ਉਸੇ ਦਿਨ ਚੋਣ ਨਤੀਜੇ ਐਲਾਨੇ ਜਾਣਗੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੀ ਗਿਣਤੀ ਵੋਟਿੰਗ ਵਾਲੇ ਦਿਨ ਹੀ ਕੀਤੀ ਜਾਵੇਗੀ।

ਇਹਨਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਹੋਣਗੀਆਂ ਚੋਣਾਂ

ਹਰਿਆਣਾ ਰਾਜ ਚੋਣ ਕਮਿਸ਼ਨ ਅਨੁਸਾਰ, ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਗਰ ਨਿਕਾਯ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਤਿੰਨ ਪ੍ਰਮੁੱਖ ਨਗਰ ਨਿਗਮਾਂ-ਅੰਬਾਲਾ, ਪੰਚਕੂਲਾ ਅਤੇ ਸੋਨੀਪਤ-ਲਈ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ (ਨਗਰ ਪਰਿਸ਼ਦ) ਵਿੱਚ ਵੀ ਚੋਣਾਂ ਹੋਣਗੀਆਂ। ਕਸਬਿਆਂ ਦੀ ਗੱਲ ਕਰੀਏ ਤਾਂ ਰੋਹਤਕ ਦੇ ਸਾਂਪਲਾ, ਹਿਸਾਰ ਦੇ ਉਕਲਾਨਾ ਅਤੇ ਰੇਵਾੜੀ ਦੇ ਧਾਰੂਹੇੜਾ ਦੀਆਂ ਨਗਰ ਪਾਲਿਕਾਵਾਂ ਵਿੱਚ ਵੀ 10 ਮਈ ਨੂੰ ਵੋਟਿੰਗ ਹੋਵੇਗੀ। ਇਹਨਾਂ ਸਾਰੇ ਖੇਤਰਾਂ ਵਿੱਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਜਾਰੀ ਹੋਇਆ ਚੋਣ ਜ਼ਾਬਤਾ

ਹਰਿਆਣਾ ਵਿੱਚ ਚੋਣਾਂ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਆਦਰਸ਼ ਚੋਣ ਜ਼ਾਬਤਾ (Model Code of Conduct) ਲਾਗੂ ਹੋ ਗਿਆ ਹੈ। ਸੂਬਾ ਚੋਣ ਕਮਿਸ਼ਨਰ ਦੇਵੇਂਦਰ ਕਲਿਆਣ ਨੇ ਸਪੱਸ਼ਟ ਕੀਤਾ ਕਿ ਸੋਮਵਾਰ (13 ਅਪ੍ਰੈਲ) ਤੋਂ ਚੋਣ ਜ਼ਾਬਤਾ ਪ੍ਰਭਾਵੀ ਹੋ ਗਿਆ ਹੈ, ਪਰ ਇਹ ਸਿਰਫ਼ ਉਨ੍ਹਾਂ ਹੀ ਖੇਤਰਾਂ ਵਿੱਚ ਲਾਗੂ ਹੋਵੇਗਾ ਜਿੱਥੇ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ, ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਚੋਣ ਪ੍ਰਕਿਰਿਆ ਵਿੱਚ ਲੱਗੀ ਹੈ, ਉਨ੍ਹਾਂ ਦੇ ਤਬਾਦਲਿਆਂ 'ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਮੁੱਖ ਸਕੱਤਰ (Chief Secretary) ਨੂੰ ਰਸਮੀ ਪੱਤਰ ਲਿਖਿਆ ਗਿਆ ਹੈ।

ਇਸ ਦੌਰਾਨ, ਪੰਚਕੂਲਾ ਵਿੱਚ 14 ਅਪ੍ਰੈਲ ਨੂੰ ਹੋਣ ਵਾਲੇ ਅੰਬੇਡਕਰ ਜਯੰਤੀ ਦੇ ਸੂਬਾ ਪੱਧਰੀ ਪ੍ਰੋਗਰਾਮ 'ਤੇ ਵੀ ਚੋਣ ਜ਼ਾਬਤੇ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਪ੍ਰੋਗਰਾਮ ਲਈ ਹੁਣ ਚੋਣ ਅਧਿਕਾਰੀ ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਪਵੇਗੀ, ਕਿਉਂਕਿ ਇਸ ਵਿੱਚ ਭਾਜਪਾ ਦੇ ਰਾਸ਼ਟਰੀ ਨੇਤਾ ਨਿਤਿਨ ਨਬੀਨ ਸ਼ਿਰਕਤ ਕਰ ਰਹੇ ਹਨ। ਚੋਣ ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

© Copyright Galactic Television & Communications Pvt. Ltd. 2026. All rights reserved.