ਬਿਜਲੀ ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ, ਅਦਾਲਤ ਨੇ 1,00,00,000 ਰੁਪਏ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

By:  Lajwinder Kaur March 18th 2026 02:42 PM -- Updated: March 18th 2026 02:46 PM

ਪੰਜਾਬ-ਹਰਿਆਣਾ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 10 ਸਾਲ ਦੀ ਬੱਚੀ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। ਇਹ ਬੱਚੀ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਕਸਬੇ ਦੀ ਰਹਿਣ ਵਾਲੀ ਹੈ। ਚਾਰ ਸਾਲ ਪਹਿਲਾਂ, ਜਦੋਂ ਉਹ ਸਿਰਫ਼ 6 ਸਾਲ ਦੀ ਸੀ, ਆਪਣੇ ਘਰ ਦੇ ਕੋਲੋਂ ਗੁਜ਼ਰ ਰਹੀ 11 ਕੇਵੀ (11 KV) ਦੀ ਹਾਈ-ਟੈਂਸ਼ਨ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਸੀ। ਇਸ ਹਾਦਸੇ ਕਾਰਨ ਡਾਕਟਰਾਂ ਨੂੰ ਉਸਦਾ ਸੱਜਾ ਹੱਥ ਕੱਟਣਾ ਪਿਆ ਸੀ ਅਤੇ ਉਹ 92 ਫੀਸਦੀ ਅਪਾਹਜ ਹੋ ਗਈ।

ਕੋਰਟ ਨੇ ਆਖੀ ਇਹ ਗੱਲ

ਮਾਮਲੇ ਦੀ ਸੁਣਵਾਈ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਕੀਤੀ। ਹਾਈ ਕੋਰਟ ਨੇ ਕਿਹਾ ਕਿ ਇਹ ਮੁਆਵਜ਼ਾ ਇੱਕ ਸੁਧਾਰਾਤਮਕ ਕਦਮ ਹੈ ਤਾਂ ਜੋ ਪੀੜਤਾ ਨੂੰ ਉਸ ਸਥਿਤੀ ਦੇ ਨੇੜੇ ਲਿਆਉਂਦਾ ਜਾ ਸਕੇ, ਜਿਸ ਵਿੱਚ ਉਹ ਇਸ ਮੰਦਭਾਗੇ ਹਾਦਸੇ ਤੋਂ ਬਿਨਾਂ ਹੁੰਦੀ।

ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਬੱਚੀ ਨੂੰ ਆਰਟੀਕਲ 21 ਤਹਿਤ ਸਿਹਤਮੰਦ, ਖੁਸ਼ਹਾਲ ਅਤੇ ਸਤਿਕਾਰਯੋਗ ਜੀਵਨ ਜਿਉਣ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਇਸ ਹਾਦਸੇ ਕਾਰਨ ਉਸ ਨੂੰ ਉਮਰ ਭਰ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਵੱਡੀ ਹੋਣ 'ਤੇ ਉਹ ਆਪਣੀ ਤੁਲਨਾ ਦੂਜੇ ਬੱਚਿਆਂ ਨਾਲ ਕਰੇਗੀ, ਜਿਸ ਕਾਰਨ ਉਸ ਨੂੰ ਲਗਾਤਾਰ ਮਾਨਸਿਕ ਤਣਾਅ ਝੱਲਣਾ ਪਵੇਗਾ।

ਕਿਵੇਂ ਹੋਇਆ ਸੀ ਹਾਦਸਾ

ਦੱਸਣਯੋਗ ਹੈ ਕਿ ਜਾਂਚ ਵਿੱਚ ਇਹ ਪਾਇਆ ਗਿਆ ਸੀ ਕਿ ਹਾਈ-ਟੈਂਸ਼ਨ ਲਾਈਨ ਘਰ ਦੀ ਬਾਲਕੋਨੀ ਦੇ ਬਿਲਕੁਲ ਕੋਲੋਂ ਲੰਘ ਰਹੀ ਸੀ। ਪਰਿਵਾਰ ਵੱਲੋਂ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਜਲੀ ਐਕਟ ਤਹਿਤ ਹੋਈ ਜਾਂਚ ਵਿੱਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਨੂੰ ਇਸ ਦੁਰਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਇੰਨੀ ਛੋਟੀ ਬੱਚੀ ਤੋਂ ਖ਼ਤਰੇ ਦਾ ਅੰਦਾਜ਼ਾ ਲਗਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਿਜਲੀ ਵਰਗੀ ਖ਼ਤਰਨਾਕ ਸੇਵਾ ਦੇ ਮਾਮਲੇ ਵਿੱਚ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।

ਬਿਜਲੀ ਕੰਪਨੀ ਨੇ ਦਿੱਤਾ ਇੰਨਾ ਮੁਆਵਜ਼ਾ

ਹਾਲਾਂਕਿ ਬਿਜਲੀ ਕੰਪਨੀ ਨੇ ਪਹਿਲਾਂ ਆਪਣੀ ਨੀਤੀ ਦੇ ਤਹਿਤ 18.9 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ, ਪਰ ਅਦਾਲਤ ਨੇ ਇਸ ਨੂੰ ਨਾਕਾਫ਼ੀ ਦੱਸਿਆ। ਇਸ ਤੋਂ ਬਾਅਦ ਹਾਈ ਕੋਰਟ ਨੇ ਕੁੱਲ 99.93 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ। ਇਸ ਵਿੱਚ ਭਵਿੱਖ ਦੀ ਆਮਦਨ ਦਾ ਨੁਕਸਾਨ, ਇਲਾਜ ਅਤੇ ਮੁੜ ਵਸੇਬੇ ਦਾ ਖਰਚਾ, ਦਰਦ ਅਤੇ ਪੀੜਾ, ਉਮਰ ਭਰ ਸਹਾਇਕ ਦੀ ਲੋੜ, ਨਕਲੀ ਅੰਗ, ਅਤੇ ਹੋਰ ਜ਼ਰੂਰੀ ਦੇਖਭਾਲ ਅਤੇ ਜੀਵਨ ਦੀਆਂ ਸੰਭਾਵਨਾਵਾਂ ਵਿੱਚ ਆਈ ਕਮੀ ਨੂੰ ਸ਼ਾਮਲ ਕੀਤਾ ਗਿਆ ਹੈ।


Related Post

ਰਾਮ ਰਹੀਮ ਨੂੰ ਇੱਕ ਵਾਰ ਫਿਰ ਮਿਲੀ ਪੈਰੋਲ: 7 ਸਾਲਾਂ 'ਚ 17ਵੀਂ ਵਾਰ ਜੇਲ੍ਹ ਤੋਂ ਬਾਹਰ, ਸਿਰਸਾ ਆਸ਼ਰਮ ਪਹੁੰਚਿਆ ਡੇਰਾ ਮੁਖੀ
ਰਿਸ਼ਵਤ ਮਾਮਲੇ ‘ਚ CGST ਰੋਹਤਕ ਦੇ ਸੁਪਰਡੈਂਟ ਨੂੰ ਝਟਕਾ! ਪੰਚਕੂਲਾ CBI ਅਦਾਲਤ ਨੇ ਡਿਸਚਾਰਜ ਪਟੀਸ਼ਨ ਖਾਰਜ, FSL ਰਿਪੋਰਟ 'ਚ ਆਡੀਓ ਰਿਕਾਰਡਿੰਗ ਨਿਕਲੀ ਸਹੀ
ਸਿਰਸਾ 'ਚ ਕਾਂਗਰਸੀ ਆਗੂ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ, ਰਸਤੇ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਲਾਕੇ ‘ਚ ਫੈਲੀ ਸਨਸਨੀ…
ਮਰੀਜ਼ਾਂ ਨੂੰ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ; ਹਰਿਆਣਾ ‘ਚ ਜਲਦ ਹੋਵੇਗੀ 350 ਡਾਕਟਰਾਂ ਦੀ ਭਰਤੀ…ਸਰਕਾਰ ਤੋਂ ਮਿਲੀ ਹਰੀ ਝੰਡੀ
ਕੋਰਟ ਦੇ ਬਾਹਰ ਚੱਲੀਆਂ ਠਾਹ-ਠਾਹ ਗੋਲੀਆਂ; ਭੁੰਨਿਆ ਗਿਆ ਗੈਂਗਸਟਰ, ਵਿਧਾਇਕ ਦੇ PA ਦੇ ਭਤੀਜੇ ਦੀ ਹੱਤਿਆ ਸਮੇਤ 31 ਕੇਸ ਚੱਲਦੇ..
ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਰਾਹਤ: ਆਯੁਸ਼ ਇਲਾਜ ਦਾ ਖਰਚਾ ਵਾਪਸ ਦੇਵੇਗੀ ਸਰਕਾਰ, 18 ਹਸਪਤਾਲ ਸ਼ਾਮਲ

© Copyright Galactic Television & Communications Pvt. Ltd. 2026. All rights reserved.