ਗੁਰਦਾਸਪੁਰ 'ਚ ਦੋਹਰਾ ਕਤਲ: ਸੈਰ ਕਰ ਰਹੇ ਭਰਾ ਦੇ ਸਿਰ 'ਚ ਮਾਰੀ ਗੋਲੀ, ਫਿਰ ਘਰ ਜਾ ਕੇ ਭਰਜਾਈ ਨੂੰ ਵੀ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ!

By:  Lajwinder Kaur May 13th 2026 11:59 AM -- Updated: May 13th 2026 12:22 PM

ਖੂਨੀ ਰਿਸ਼ਤਿਆਂ ਤਾਰ-ਤਾਰ ਕਰਨ ਵਾਲੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਵੱਡੇ ਭਰਾ ਵੱਲੋਂ ਹੀ ਆਪਣੇ ਛੋਟਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਨੈਣੇਕੋਟ ਵਿੱਚ ਦੇਰ ਸ਼ਾਮ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਝਗੜੇ ਦੇ ਚਲਦਿਆਂ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਅਤੇ ਭਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਅਜਾਇਬ ਸਿੰਘ ਅਤੇ ਉਸ ਦੀ ਪਤਨੀ ਕਮਲ ਕੌਰ ਵਜੋਂ ਹੋਈ ਹੈ। ਡਬਲ ਮਰਡਰ ਦੀ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਜਾਣੋ ਪੂਰਾ ਮਾਮਲਾ ਹੈ ਕੀ?

ਜਾਣਕਾਰੀ ਅਨੁਸਾਰ, ਅਮਰਜੀਤ ਸਿੰਘ ਉਰਫ਼ ਅੰਬਾ ਦਾ ਆਪਣੇ ਛੋਟੇ ਭਰਾ ਅਜਾਇਬ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ 9 ਕਿੱਲੇ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਹ ਪਰਿਵਾਰ ਟਾਟਾ ਨਗਰ (ਝਾਰਖੰਡ) ਤੋਂ ਆਪਣੇ ਜੱਦੀ ਪਿੰਡ ਨੈਣੇਕੋਟ ਆ ਕੇ ਰਹਿ ਰਹੇ ਸਨ। ਪਿੰਡ ਦੀ ਪੰਚਾਇਤ ਨੇ ਕਈ ਵਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ।

ਬੀਤੀ ਸ਼ਾਮ ਅਮਰਜੀਤ ਸਿੰਘ ਨੇ ਰੰਜਿਸ਼ ਤਹਿਤ ਅਜਾਇਬ ਸਿੰਘ ਦਾ ਪਿੱਛਾ ਕੀਤਾ ਅਤੇ ਪਿੰਡੋਂ ਬਾਹਰ ਇੱਕ ਪੋਲਟਰੀ ਫਾਰਮ ਦੇ ਰਸਤੇ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਘਰ ਜਾ ਕੇ ਆਪਣੀ ਭਰਜਾਈ ਕਮਲ ਕੌਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪੁਲਿਸ ਵੱਲੋਂ ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਖੁਦ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ ਕਿਸ ਪਾਸੇ ਵੱਲ ਚੱਲ ਪਏ!

 ਹਾਲ ਦੇ ਵਿੱਚ ਹੀ ਪੰਜਾਬ ਤੋਂ ਬੈਕ-ਟੂ-ਬੈਕ ਹੈਰਾਨ ਕਰਨ ਵਾਲੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਧੀ ਵੱਲੋਂ ਪ੍ਰੇਮੀ ਦੇ ਹੱਥੋਂ ਆਪਣੇ ਪਿਓ ਦਾ ਖੂਨ ਕਰਨ ਵਾਲੀ ਘਟਨਾ ਨੇ ਸਭ ਹੈਰਾਨ ਕੀਤਾ, ਉੱਥੇ ਹੀ ਲੁਧਿਆਣਾ 'ਚ ਰਿਟਾਇਰਡ ਫੌਜੀ ਪਿਓ ਨੇ ਪੁੱਤ ਦਾ ਗੋਲੀਆ ਮਾਰਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਅਜਿਹੀਆਂ ਘਟਨਾਵਾਂ ਸਮਾਜ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਸ ਤਕਨੀਕੀ ਯੁੱਗ ਦੇ ਵਿੱਚ ਪਰਿਵਾਰਕ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ।


© Copyright Galactic Television & Communications Pvt. Ltd. 2026. All rights reserved.