ਸਿਆਸੀ ਗਲਿਆਰਿਆਂ ‘ਚ ਹਲਚਲ! ਭਾਜਪਾ ਆਗੂ 'ਤੇ ਚੱਲੀਆਂ ਗੋਲੀਆਂ, 2 ਕਰੋੜ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਬੋਲੇ-'ਅਜੇ ਇਹ ਟ੍ਰੇਲਰ ਹੈ, 10 ਦਿਨਾਂ 'ਚ...'

By:  Lajwinder Kaur June 4th 2026 11:03 AM -- Updated: June 4th 2026 11:20 AM

ਲੰਘੀ ਰਾਤ ਗੁਰਦਾਸਪੁਰ ਤੋਂ ਹੈਰਾਨੀਜਨਕ ਘਟਨਾ ਵਾਪਰੀ, ਜਿੱਥੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਪ੍ਰਧਾਨ ਵਿਜੇ ਸੋਨੀ ਦੇ ਪੈਟਰੋਲ ਪੰਪ 'ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਬਾਈਕ 'ਤੇ ਸਵਾਰ ਹੋ ਕੇ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਸਮੇਂ ਭਾਜਪਾ ਆਗੂ ਖੁਦ ਪੰਪ 'ਤੇ ਹੀ ਮੌਜੂਦ ਸਨ, ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਉਨ੍ਹਾਂ ਦੀ ਕਾਰ 'ਤੇ 2-3 ਗੋਲੀਆਂ ਲੱਗੀਆਂ ਹਨ। ਸਾਰੀ ਘਟਨਾ ਪੈਟਰੋਲ ਪੰਪ ਉੱਤੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਦੁਪਹਿਰ 12 ਵਜੇ ਗੁਰਦਾਸਪੁਰ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।

ਬਾਈਕ ‘ਤੇ ਸਵਾਰ ਹੋ ਕੇ ਆਏ ਸੀ ਹਮਲਾਵਰ

ਪੀੜਤ ਭਾਜਪਾ ਆਗੂ ਵਿਜੇ ਸੋਨੀ ਨੇ ਦੱਸਿਆ ਕਿ ਘਟਨਾ ਰਾਤ ਸਾਢੇ 10 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਆਪਣੇ ਪੈਟਰੋਲ ਪੰਪ 'ਤੇ ਬੈਠ ਕੇ ਪੈਸਿਆਂ ਦਾ ਹਿਸਾਬ-ਕਿਤਾਬ ਕਰ ਰਹੇ ਸਨ। ਇਸੇ ਦੌਰਾਨ ਮੂੰਹ ਬੰਨ੍ਹੇ ਹੋਏ ਦੋ ਨੌਜਵਾਨ ਮੋਟਰਸਾਈਕਲ 'ਤੇ ਉੱਥੇ ਪਹੁੰਚੇ ਅਤੇ ਬਿਨਾਂ ਕੁੱਝ ਕਹੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 

ਇੰਝ ਭਜਾਏ ਬਦਮਾਸ਼

ਪਰ ਉਸ ਸਮੇਂ ਵਿਜੇ ਸੋਨੀ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਤੁਰੰਤ ਐਕਸ਼ਨ ਲਿਆ ਗਿਆ। ਆਗੂ ਨੇ ਦੱਸਿਆ ਕਿ ਉਨ੍ਹਾਂ ਦਾ ਬੈਗ ਨੇੜੇ ਹੀ ਪਿਆ ਸੀ ਜਿਸ ਵਿੱਚ ਉਨ੍ਹਾਂ ਦੀ ਲਾਇਸੈਂਸੀ ਰਿਵਾਲਵਰ ਰੱਖੀ ਹੋਈ ਸੀ। ਉਨ੍ਹਾਂ ਨੇ ਤੁਰੰਤ ਰਿਵਾਲਵਰ ਕੱਢੀ ਅਤੇ ਹਮਲਾਵਰਾਂ 'ਤੇ ਜਵਾਬੀ ਕਾਰਵਾਈ ਕਰਦਿਆਂ ਦੋ ਤੋਂ ਤਿੰਨ ਰਾਊਂਡ ਫਾਇਰ ਕੀਤੇ। ਭਾਜਪਾ ਆਗੂ ਦਾ ਮਜ਼ਬੂਤ ਸਾਹਮਣਾ ਹੁੰਦਾ ਦੇਖ ਹਮਲਾਵਰ ਤੁਰੰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਉੱਥੋਂ ਭੱਜ ਨਿਕਲੇ।

ਮੰਗੀ ਗਈ ਸੀ ਦੋ ਕਰੋੜ ਦੀ ਫਿਰੌਤੀ

ਵਿਜੇ ਸੋਨੀ ਦੇ ਭਾਣਜੇ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਨੂੰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਉਹ ਰੁਝੇਵਿਆਂ ਕਾਰਨ ਨਜ਼ਰਅੰਦਾਜ਼ ਕਰ ਦਿੰਦੇ ਸਨ। ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਮੈਸੇਜ ਅਤੇ ਆਡੀਓ ਰਿਕਾਰਡਿੰਗ ਵੀ ਭੇਜੀ ਹੈ, ਜਿਸ ਵਿੱਚ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦਿੰਦੇ ਹੋਏ ਮੈਸੇਜ ਵਿੱਚ ਲਿਖਿਆ ਹੈ ਕਿ ਇਹ ਤਾਂ ਸਿਰਫ਼ ਇੱਕ ਟ੍ਰੇਲਰ ਸੀ, ਜੇਕਰ 10 ਦਿਨਾਂ ਦੇ ਅੰਦਰ 2 ਕਰੋੜ ਰੁਪਏ ਨਾ ਦਿੱਤੇ ਤਾਂ ਉਹ ਪੂਰੀ ਫ਼ਿਲਮ ਦਿਖਾ ਦੇਣਗੇ।

ਵਿਜੇ ਸੋਨੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਆਪਣੀ ਪਾਰਟੀ (ਭਾਜਪਾ) ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਹਮਲੇ ਤੋਂ ਡਰਨ ਵਾਲੇ ਨਹੀਂ ਹਨ। ਇਸ ਘਟਨਾ ਤੋਂ ਤੁਰੰਤ ਬਾਅਦ ਪੀੜਤ ਪਰਿਵਾਰ ਨੇ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਰਵਨੀਤ ਸਿੰਘ ਬਿੱਟੂ ਨੂੰ ਮੈਸੇਜ ਰਾਹੀਂ ਇਸ ਘਟਨਾ ਦੀ ਪੂਰੀ ਜਾਣਕਾਰੀ ਦੇ ਦਿੱਤੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਸਾਹਮਣੇ ਸਖ਼ਤ ਰੁਖ਼ ਅਪਣਾਉਣਗੇ।

ਪੁਲਿਸ ਵੱਲੋਂ ਜਾਂਚ ਸ਼ੁਰੂ, ਖੰਗਾਲੇ ਜਾ ਰਹੇ ਸੀਸੀਟੀਵੀ

ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਪੈਟਰੋਲ ਪੰਪ ਦੀਆਂ ਛੱਤਾਂ ਅਤੇ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਲਾਕੇ ਦੀਆਂ ਸੀਸੀਟੀਵੀ ਫੁਟੇਜ ਖੰਗਾਲਣ ਦੇ ਨਾਲ-ਨਾਲ ਪੁਲਿਸ ਫਿਰੌਤੀ ਵਾਲੇ ਆਡੀਓ ਮੈਸੇਜ ਦੀ ਵੀ ਜਾਂਚ ਕਰ ਰਹੀ ਹੈ।

© Copyright Galactic Television & Communications Pvt. Ltd. 2026. All rights reserved.