ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਮਾਪੇ; ਪਿਤਾ ਨੇ ਲਿਖਿਆ ‘ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ’

By:  Lajwinder Kaur June 11th 2026 12:27 PM -- Updated: June 11th 2026 12:46 PM

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਮਾਪੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। 

ਪਿਤਾ ਬਲਕੌਰ ਸਿੰਘ ਹੋਏ ਭਾਵੁਕ

ਬਲਕੌਰ ਸਿੰਘ ਨੇ ਲਿਖਿਆ ਕਿ ਅੱਜ ਉਨ੍ਹਾਂ ਦੇ ਪੁੱਤਰ ਦਾ ਚੌਥਾ ਜਨਮਦਿਨ ਹੈ, ਪਰ ਉਸਦੇ ਬਿਨਾਂ ਇਹ ਸਮਾਂ ਬਹੁਤ ਔਖਾ ਹੈ। ਉਨ੍ਹਾਂ ਕਿਹਾ, "ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ, ਲੱਗਿਆ ਸੀ ਮੇਰੀ ਦੁਨੀਆ ਵੀ ਉੱਥੇ ਹੀ ਰੁਕ ਗਈ। ਸਮੇਂ ਨੇ ਇਹ ਤਾਂ ਸਿਖਾ ਦਿੱਤਾ ਕਿ ਚਲਦਾ ਰਹਿਣਾ ਹੈ, ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ।"

ਪਿਤਾ ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਕਈਆਂ ਨੇ ਸੋਚਿਆ ਸੀ ਕਿ ਸਮੇਂ ਨਾਲ ਲੋਕ ਸਿੱਧੂ ਨੂੰ ਭੁੱਲ ਜਾਣਗੇ, ਪਰ ਲੋਕਾਂ ਦੇ ਪਿਆਰ ਨੇ ਹਰ ਵਾਰ ਉਨ੍ਹਾਂ ਨੂੰ ਗਲਤ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਉਹ ਸਿੱਧੂ ਦੇ ਨਾਮ, ਗੱਲਾਂ ਜਾਂ ਗਾਇਕੀ ਦਾ ਜ਼ਿਕਰ ਦੇਖਦੇ ਹਨ, ਉੱਥੇ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਅੰਤ ਵਿੱਚ ਉਨ੍ਹਾਂ ਆਪਣੇ ਪੁੱਤਰ ਨੂੰ 'ਸ਼ੇਰ ਪੁੱਤ' ਕਹਿੰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਅਤੇ ਲਿਖਿਆ ਕਿ ਰੱਬ ਨੇ ਉਨ੍ਹਾਂ ਨੂੰ ਉਸਦੇ ਬਿਨਾਂ ਜੀਣਾ ਤਾਂ ਸਿਖਾ ਦਿੱਤਾ ਹੈ, ਪਰ ਭੁੱਲਣਾ ਮੁਮਕਿਨ ਨਹੀਂ।

ਮਾਂ ਨੇ ਲਿਖਿਆ-'ਚਾਰ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ, ਪਰ ਇੱਕ ਚੀਜ਼ ਨਹੀਂ ਬਦਲੀ—ਤੇਰੀ ਉਡੀਕ'

ਉੱਧਰ ਸਿੱਧੂ ਦੇ ਮਾਤਾ ਚਰਨ ਕੌਰ ਨੇ ਵੀ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਦਿਲ ਦੇ ਜ਼ਜ਼ਬਾਤਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਦੀ ਪੋਸਟ ਰਾਹੀਂ ਇੱਕ ਮਾਂ ਦਾ ਆਪਣੇ ਪੁੱਤ ਦਾ ਇੰਝ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਬਿਆਨ ਕੀਤਾ ਹੈ। 

ਉਨ੍ਹਾਂ ਨੇ ਆਪਣੇ ਪੁੱਤਰ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਉੱਤੇ ਲਿਖਿਆ ਹੈ- ‘’ਬੇਟਾ ❤️ ਅੱਜ ਤੇਰਾ ਚੌਥਾ ਜਨਮਦਿਨ ਹੈ ਤੇਰੇ ਬਿਨਾਂ, ਚਾਰ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ, ਪਰ ਇੱਕ ਚੀਜ਼ ਨਹੀਂ ਬਦਲੀ—ਤੇਰੀ ਉਡੀਕ।’’

ਉਨ੍ਹਾਂ ਨੇ ਅੱਗੇ ਲਿਖਿਆ- ‘ਮੈਂ ਅੱਜ ਵੀ ਕਈ ਵਾਰੀ ਤੇਰੇ ਕਮਰੇ ਕੋਲੋਂ ਲੰਘਦਿਆਂ ਇਹ ਸੋਚ ਲੈਂਦੀ ਹਾਂ ਕਿ ਤੂੰ ਹੁਣੇ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਜਾਵੇਂਗਾ। ਅੱਜ ਵੀ ਕੋਈ ਖੁਸ਼ੀ ਗਮੀ ਦਾ ਸਮਾਂ ਸਾਡੇ ਤੇ ਆਉਂਦਾ ਤਾਂ ਸਭ ਤੋਂ ਪਹਿਲਾਂ ਖਿਆਲ ਤੇਰਾ ਹੀ ਆਉਂਦਾ।

ਲੋਕਾਂ ਲਈ ਤੂੰ ਇੱਕ ਵੱਡਾ ਨਾਮ ਹੈ, ਪਰ ਮੇਰੇ ਲਈ ਤੂੰ ਅੱਜ ਵੀ ਉਹੀ ਬੱਚਾ ਹੈ ਜਿਸਨੂੰ ਮੈਂ ਆਪਣੀਆਂ ਬਾਹਾਂ ਵਿੱਚ ਚੁੱਕਿਆ ਸੀ। ਤੇਰੀ ਕਮੀ ਹਰ ਰੋਜ਼ ਮਹਿਸੂਸ ਹੁੰਦੀ ਹੈ, ਪਰ ਤੇਰੇ ਉੱਤੇ ਮਾਣ ਵੀ ਹਰ ਰੋਜ਼ ਵੱਧਦਾ ਹੈ।

ਜਨਮਦਿਨ ਮੁਬਾਰਕ ਮੇਰੇ ਸ਼ੇਰ, ਤੇਰੀ ਮਾਂ ਅੱਜ ਵੀ ਤੈਨੂੰ ਓਨਾ ਹੀ ਪਿਆਰ ਕਰਦੀ ਹੈ ਜਿੰਨਾ ਉਸ ਦਿਨ ਕਰਦੀ ਸੀ ਜਦੋਂ ਤੈਨੂੰ ਪਹਿਲੀ ਵਾਰ ਆਪਣੀ ਗੋਦ ਵਿੱਚ ਲਿਆ ਸੀ। ❤️

~ ਮਾਂ’

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ ਰਾਹੀਂ ਆਪਣਾ ਪਿਆਰ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ।


Related Post

ਮਿਊਜ਼ਿਕ ਜਗਤ ਤੋਂ ਦੁਖਦਾਇਕ ਖਬਰ! ਭਰੀ ਜਵਾਨੀ ‘ਚ ਗਾਇਕ ਦੀ ਹਾਰਟ ਅਟੈਕ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ…
ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ! ਖੁੱਲ੍ਹਾ ਨਾਲਾ ਬਣਿਆ ‘ਕਾਲ’, ਪੰਜਾਬੀ ਅਦਾਕਾਰਾ ਦੇ ਪਤੀ ਦੀ ਇੰਝ ਗਈ ਜਾਨ…ਪਰ ਜਾਂਦੇ-ਜਾਂਦੇ ਵੀ ਕਰ ਗਏ ਇਹ ਨੇਕ ਕੰਮ
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ! ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ….ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਰੈਪਰ ਬਾਦਸ਼ਾਹ ਨੂੰ ਵੱਡਾ ਝਟਕਾ! ਤੁਰੰਤ ਕਲੱਬ ਹੋਇਆ ਸੀਲ, ਜਾਣੋ ਵਜ੍ਹਾ…
ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ! ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ! ਇਸ ਨਾਮੀ ਅਦਾਕਾਰਾ ਦਾ ਹੋਇਆ ਦਿਹਾਂਤ, ਘਰ ‘ਚ ਅਚਾਨਕ ਵਿਗੜੀ ਤਬੀਅਤ ਫਿਰ ਤੋੜਿਆ ਦਮ….

© Copyright Galactic Television & Communications Pvt. Ltd. 2026. All rights reserved.