GTC Network ਨੂੰ ਲੰਡਨ ਦੀ ਸੰਸਦ 'ਚ ਮਿਲਿਆ UK–India Impact Award, ਵਿਸ਼ਵ ਭਰ 'ਚ ਪੰਜਾਬੀ ਭਾਈਚਾਰੇ ਨੂੰ ਜੋੜਨ ਅਤੇ ਸਮਾਜ ਸੇਵਾ ਲਈ ਮਿਲਿਆ ਸਨਮਾਨ
ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ, ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਸਦਕਾ ਉੱਭਰਦੇ ਪੰਜਾਬੀ ਮੀਡੀਆ ਚੈਨਲ 'ਜੀ.ਟੀ.ਸੀ. ਨੈੱਟਵਰਕ' (GTC Network) ਨੂੰ ਇੰਗਲੈਂਡ ਦੀ ਸੰਸਦ 'ਹਾਊਸ ਆਫ਼ ਪਾਰਲੀਮੈਂਟ' (ਵੈਸਟਮਿੰਸਟਰ, ਲੰਡਨ) ਵਿਖੇ ਵੱਕਾਰੀ 'ਯੂ.ਕੇ.–ਇੰਡੀਆ ਇੰਪੈਕਟ ਐਵਾਰਡ' (UK–India Impact Award) ਨਾਲ ਸਨਮਾਨਿਤ ਕੀਤਾ ਗਿਆ ਹੈ।
GTC Network ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਹੈ। GTC Network ਨੂੰ ਯੂਕੇ ਦੀ ਪ੍ਰਸਿੱਧ ਸੰਸਥਾ SEVA Trust UK ਵੱਲੋਂ UK–India Impact Award ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ 16 ਨਵੰਬਰ 2026 ਨੂੰ ਲੰਡਨ ਦੇ ਵੈਸਟਮਿੰਸਟਰ ਸਥਿਤ ਇਤਿਹਾਸਕ ਹਾਊਸਿਜ਼ ਆਫ਼ ਪਾਰਲੀਮੈਂਟ (Houses of Parliament) ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਸੰਸਦ ਮੈਂਬਰ ਗੁਰਿੰਦਰ ਪਾਲ ਸਿੰਘ ਵੱਲੋਂ ਦਿੱਤਾ ਗਿਆ।
ਇਹ ਐਵਾਰਡ GTC Network ਵੱਲੋਂ ਇੱਕ ਉੱਭਰਦੇ ਮੀਡੀਆ ਚੈਨਲ ਵਜੋਂ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨ, ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤੇ ਚੈਰੀਟੇਬਲ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ SEVA Trust UK ਵੱਲੋਂ ਆਪਣੀ ਸਥਾਪਨਾ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇਹ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੰਸਥਾ ਸਾਲ 2016 ਤੋਂ ਲਗਾਤਾਰ ਸਮਾਜ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਇਸ ਮੌਕੇ GTC Network ਨੂੰ ਮਿਲਿਆ ਇਹ ਸਨਮਾਨ ਮੀਡੀਆ ਦੇ ਖੇਤਰ ਵਿੱਚ ਚੈਨਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਮਹੱਤਵਪੂਰਨ ਪਛਾਣ ਹੈ।
GTC Network ਵੱਲੋਂ ਇਸ ਸਨਮਾਨ ਲਈ ਸੰਸਦ ਮੈਂਬਰ ਗੁਰਿੰਦਰ ਪਾਲ ਸਿੰਘ, ਚਰਨ ਕੰਵਲ ਐੱਸ. ਸੇਖੋਂ MBE, ਡਾ. ਬਲਜੀਤ ਕੌਰ ਉਪਾਧਿਆਏ ਅਤੇ SEVA Trust UK ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਨੈੱਟਵਰਕ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਸੰਸਥਾ ਦੀ ਨਿੱਜੀ ਕਾਮਯਾਬੀ ਨਹੀਂ, ਸਗੋਂ ਸਮੁੱਚੇ ਪੰਜਾਬੀ ਭਾਈਚਾਰੇ, ਸੱਭਿਆਚਾਰਕ ਸਾਂਝ, ਆਪਸੀ ਜੁੜਾਅ ਅਤੇ ਸਮਾਜ ਪ੍ਰਤੀ ਸਾਂਝੀ ਜ਼ਿੰਮੇਵਾਰੀ ਦਾ ਸਨਮਾਨ ਹੈ।
GTC Network ਨੇ ਇਹ ਐਵਾਰਡ ਆਪਣੇ ਸਮੂਹ ਦਰਸ਼ਕਾਂ, ਸਹਿਯੋਗੀਆਂ, ਭਾਈਵਾਲਾਂ, ਯੋਗਦਾਨ ਪਾਉਣ ਵਾਲਿਆਂ ਅਤੇ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕੀਤਾ ਹੈ। ਨੈੱਟਵਰਕ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਆਪਸ ਵਿੱਚ ਜੋੜਨ, ਉਨ੍ਹਾਂ ਦੀਆਂ ਆਵਾਜ਼ਾਂ ਨੂੰ ਮੰਚ ਪ੍ਰਦਾਨ ਕਰਨ, ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਯਤਨ ਜਾਰੀ ਰਹਿਣਗੇ।
ਇਹ ਸਨਮਾਨ GTC Network ਲਈ ਇੱਕ ਨਵੀਂ ਪ੍ਰੇਰਣਾ ਹੈ, ਜੋ ਵਿਸ਼ਵ ਪੱਧਰ 'ਤੇ ਪੰਜਾਬੀ ਮੀਡੀਆ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਸਫ਼ਰ ਨੂੰ ਨਵੀਂ ਦਿਸ਼ਾ ਦੇਵੇਗਾ।