ਸੰਗੀਤ ਜਗਤ ਨੂੰ ਵੱਡਾ ਸਦਮਾ: ਮਸ਼ਹੂਰ ਗਾਇਕ ਦਾ ਦੇਹਾਂਤ, ਸੜਕ ਹਾਦਸੇ ‘ਚ ਤੋੜਿਆ ਦਮ, ਪਰਿਵਾਰ ਸਣੇ ਕਲਾਕਾਰ ਤੇ ਫੈਨਜ਼ ਡੂੰਘੇ ਦੁੱਖ ‘ਚ...
ਮਸ਼ਹੂਰ ਆਇਰਿਸ਼ ਗਾਇਕ, ਗੀਤਕਾਰ ਅਤੇ ਅਦਾਕਾਰ ਗਲੇਨ ਹੈਨਸਾਰਡ ਦਾ 56 ਸਾਲ ਦੀ ਉਮਰ ਵਿੱਚ ਡਬਲਿਨ ਵਿੱਚ ਇੱਕ ਮੋਟਰਸਾਈਕਲ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਦੁੱਖ ਦੀ ਪੁਸ਼ਟੀ ਕਰਦਿਆਂ ਨਿੱਜਤਾ ਦੀ ਅਪੀਲ ਕੀਤੀ ਹੈ, ਜਦਕਿ ਕਈ ਸਿਆਸੀ ਅਤੇ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।
ਸੰਗੀਤ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਦੁਨੀਆ ਭਰ ਵਿੱਚ ਫੈਲੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ। ਮਸ਼ਹੂਰ ਆਇਰਿਸ਼ ਗਾਇਕ-ਗੀਤਕਾਰ, ਰਾਕ ਬੈਂਡ 'ਦ ਫਰੇਮਜ਼' ਦੇ ਮੁੱਖ ਗਾਇਕ ਅਤੇ ਅਦਾਕਾਰ ਗਲੇਨ ਹੈਨਸਾਰਡ (Glen Hansard) ਦਾ 56 ਸਾਲ ਦੀ ਉਮਰ ਵਿੱਚ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਕਲਾ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮੋਟਰਸਾਈਕਲ ਹਾਦਸੇ ਵਿੱਚ ਵਾਪਰਿਆ ਭਾਣਾ
ਰਿਪੋਰਟਾਂ ਦੇ ਅਨੁਸਾਰ, ਇਹ ਦੁਖਦਾਈ ਹਾਦਸਾ ਪੱਛਮੀ ਡਬਲਿਨ ਦੇ ਲੂਕਨ ਵਿੱਚ ਲੋਅਰ ਰੋਡ 'ਤੇ ਵਾਪਰਿਆ। ਸਥਾਨਕ ਸਮੇਂ ਮੁਤਾਬਕ ਸਵੇਰੇ 4:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚ ਕੇ ਐਮਰਜੈਂਸੀ ਟੀਮਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਏ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਪੁਲਿਸ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਹਾਦਸੇ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਾਂਝੀ ਕਰਨ।
ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਦੁਖਦਾਇਕ ਖਬਰ
ਹੈਨਸਾਰਡ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪ੍ਰਤੀਨਿਧੀਆਂ, ਏਟੀਸੀ ਮੈਨੇਜਮੈਂਟ ਵੱਲੋਂ ਕੀਤੀ ਗਈ ਹੈ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਭਾਰੀ ਦਿਲ ਨਾਲ ਹੈ ਕਿ ਅਸੀਂ ਗਲੇਨ ਹੈਨਸਾਰਡ ਦੇ ਦੇਹਾਂਤ ਦਾ ਐਲਾਨ ਕਰਦੇ ਹਾਂ... ਗਲੇਨ ਦਾ ਪਰਿਵਾਰ ਇਸ ਦੁਖਦਾਈ ਘਟਨਾ ਤੋਂ ਬਹੁਤ ਸਦਮੇ ਵਿੱਚ ਹੈ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਨਿੱਜਤਾ ਦੀ ਬੇਨਤੀ ਕਰਦਾ ਹੈ।" ਪਰਿਵਾਰ ਨੇ ਮਿਲੇ ਸਮਰਥਨ ਅਤੇ ਐਮਰਜੈਂਸੀ ਸੇਵਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਕੌਣ ਸਨ ਗਲੇਨ ਹੈਨਸਾਰਡ?
ਸਾਲ 1970 ਵਿੱਚ ਡਬਲਿਨ ਵਿੱਚ ਜਨਮੇ ਗਲੇਨ ਹੈਨਸਾਰਡ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਸ਼ਹਿਰ ਦੀਆਂ ਸੜਕਾਂ 'ਤੇ ਗਾ ਕੇ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਆਇਰਿਸ਼ ਰਾਕ ਬੈਂਡ 'ਦ ਫਰੇਮਜ਼' ਦੇ ਫਰੰਟਮੈਨ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੂੰ ਸਭ ਤੋਂ ਵੱਧ ਪਛਾਣ 2007 ਦੀ ਮਸ਼ਹੂਰ ਫ਼ਿਲਮ "ਵਨਸ" ਦੇ ਆਸਕਰ ਜੇਤੂ ਗੀਤ "ਫਾਲਿੰਗ ਸਲੋਵਲੀ" ਦੇ ਸਹਿ-ਲੇਖਕ ਅਤੇ ਗਾਇਕ ਵਜੋਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੈੱਕ ਗਾਇਕਾ ਮਾਰਕੇਟਾ ਇਰਗਲੋਵਾ ਨਾਲ ਮਿਲ ਕੇ "ਦ ਸਵੈਲ ਸੀਜ਼ਨ" ਸੰਗੀਤਕ ਜੋੜੀ ਰਾਹੀਂ ਵੀ ਦੁਨੀਆ ਭਰ ਵਿੱਚ ਨਾਂ ਕਮਾਇਆ। ਸੰਗੀਤ, ਫ਼ਿਲਮਾਂ ਅਤੇ ਥੀਏਟਰ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਿਆਸੀ ਅਤੇ ਪ੍ਰਮੁੱਖ ਹਸਤੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਗਲੇਨ ਹੈਨਸਾਰਡ ਦੇ ਅਕਾਲ ਚਲਾਣੇ 'ਤੇ ਆਇਰਲੈਂਡ ਦੇ ਸਾਬਕਾ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ "ਸ਼ਾਨਦਾਰ ਸੰਗੀਤਕਾਰ ਅਤੇ ਕਲਾਕਾਰ" ਸਨ, ਜਿਨ੍ਹਾਂ ਵਿੱਚ ਕਹਾਣੀ ਸੁਣਾਉਣ ਦੀ ਅਨੋਖੀ ਪ੍ਰਤਿਭਾ ਸੀ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਮੁੱਦਿਆਂ, ਖ਼ਾਸ ਕਰਕੇ ਬੇਘਰ ਹੋਣ ਦੀ ਸਮੱਸਿਆ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਲਗਾਈ। ਇਸ ਦੇ ਨਾਲ ਹੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਵੀ ਗਲੇਨ ਹੈਨਸਾਰਡ ਦੀ ਮੌਤ 'ਤੇ ਡੂੰਘਾ ਸੋਗ ਜਤਾਇਆ ਹੈ।