‘ਲਾਰੈਂਸ ਆਫ ਪੰਜਾਬ' ਡਾਕੂਮੈਂਟਰੀ 'ਤੇ ਵਿਵਾਦ, ਕਾਂਗਰਸ ਵੱਲੋਂ ਵੀ ਵਿਰੋਧ, ਸਿੱਧੂ ਮੂਸੇਵਾਲਾ ਦੇ ਪਿਤਾ ਬੋਲੇ- ‘ਫਿਲਮਾਂ ਯੋਧਿਆਂ ‘ਤੇ ਬਣਦੀਆਂ ਨੇ, ਨਾ ਕਿ ਗੈਂਗਸਟਰਾਂ ‘ਤੇ’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮਾਸਟਰ ਮਾਈਂਡ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ 'ਤੇ ਬਣੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ ਪੰਜਾਬ” ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਹੁਣ ਪੰਜਾਬ ਕਾਂਗਰਸ ਨੇ ਸਖ਼ਤ ਸਟੈਂਡ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਫਿਲਮ ਵਿਰੁੱਧ ਹਾਈਕੋਰਟ ਦਾ ਰੁਖ ਕਰਨ ਦਾ ਫੈਸਲਾ ਕਰ ਲਿਆ ਹੈ। ਦੱਸ ਦਈਏ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਫੇਸਬੁੱਕ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ “Lawrence of Punjab” ਖ਼ਿਲਾਫ਼ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੋਟਿਸ ਦੀ ਕਾਪੀ ਵੀ ਸਾਂਝੀ ਕੀਤੀ ਹੈ।
ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਐਕਸ' (ਟਵਿੱਟਰ) 'ਤੇ ਲਿਖਿਆ ਕਿ ਇਹ ਸੀਰੀਜ਼ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਅਤੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀਆਂ ਨਾਲ ਹੈ, ਨਾ ਕਿ ਅਪਰਾਧੀਆਂ ਨਾਲ। ਕਾਂਗਰਸ ਦਾ ਕਹਿਣਾ ਹੈ ਕਿ ਅਜਿਹੇ ਕੰਟੈਂਟ ਰਾਹੀਂ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨਾ ਪੰਜਾਬ ਦੀ ਵਿਰਾਸਤ ਦਾ ਅਪਮਾਨ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਇੱਕ ਵੱਡਾ ਘਾਟਾ: ਸਿੱਧੂ ਮੂਸੇਵਾਲਾ ਦੀ ਮੌਤ ਹਰ ਇੱਕ ਪੰਜਾਬੀ ਅਤੇ ਦੁਨੀਆ ਭਰ ਵਿੱਚ ਮੌਜੂਦ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਕੀ ਅੱਜ ZEE5 ਉਸੇ ਗੈਂਗਸਟਰ 'ਤੇ “ਲਾਰੈਂਸ ਆਫ ਪੰਜਾਬ” ਨਾਮ ਦੀ ਡਾਕੂਮੈਂਟਰੀ ਸੀਰੀਜ਼ ਬਣਾਉਣ ਜਾ ਰਿਹਾ ਹੈ?
ਸੈਂਕੜੇ ਪਰਿਵਾਰਾਂ ਦਾ ਦਰਦ: ਇਹ ਸਿਰਫ਼ ਸਿੱਧੂ ਦੀ ਗੱਲ ਨਹੀਂ ਹੈ, ਸਗੋਂ ਇਸ ਅਪਰਾਧਿਕ ਨੈੱਟਵਰਕ ਕਾਰਨ ਸੈਂਕੜੇ ਪੰਜਾਬੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਣਗਿਣਤ ਪਰਿਵਾਰ ਅੱਜ ਵੀ ਉਸੇ ਦਰਦ ਅਤੇ ਸੋਗ ਵਿੱਚ ਜੀ ਰਹੇ ਹਨ। ਇਹ ਕੋਈ ਮਨੋਰੰਜਕ ਕੰਟੈਂਟ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ 'ਤੇ ਇੱਕ ਚਪੇੜ ਹੈ।
ਪੰਜਾਬ ਦੀ ਅਸਲ ਪਛਾਣ: ਸ਼ਹੀਦ ਭਗਤ ਸਿੰਘ ਪੰਜਾਬ ਦੀ ਪਛਾਣ ਹਨ। ਸਾਡੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀ ਅਤੇ ਅੰਨਦਾਤਾ ਕਿਸਾਨ ਪੰਜਾਬ ਦੀ ਪਛਾਣ ਹਨ। ਕੋਈ ਵੀ ਗੈਂਗਸਟਰ ਕਦੇ ਵੀ ਪੰਜਾਬ ਦੀ ਪਛਾਣ ਨਹੀਂ ਹੋ ਸਕਦਾ। ਮੈਂ ਇਸ ਦੇ ਖਿਲਾਫ PIL (ਜਨਹਿਤ ਪਟੀਸ਼ਨ) ਦਾਇਰ ਕਰ ਰਿਹਾ ਹਾਂ। ਇਸ ਸੀਰੀਜ਼ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਹੁਣ ਬਹੁਤ ਹੋ ਗਿਆ ਹੈ, ਅਸੀਂ ਪੰਜਾਬ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ।
27 ਅਪ੍ਰੈਲ ਨੂੰ ਹੋਵੇਗੀ ਰਿਲੀਜ਼
“ਲਾਰੈਂਸ ਆਫ ਪੰਜਾਬ” ਕੁਖਿਆਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧਿਕ ਸੱਭਿਆਚਾਰ 'ਤੇ ਅਧਾਰਤ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਰਾਘਵ ਡਾਰ ਨੇ ਕੀਤਾ ਹੈ ਅਤੇ ਇਸ ਵਿੱਚ ਲਾਰੈਂਸ ਬਿਸ਼ਨੋਈ ਦੀ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ।
ਇਹ ਸੀਰੀਜ਼ ਓ.ਟੀ.ਟੀ. ਪਲੇਟਫਾਰਮ ZEE5 'ਤੇ ਰਿਲੀਜ਼ ਕੀਤੀ ਜਾਵੇਗੀ ਅਤੇ ਇਸ ਦੀ ਰਿਲੀਜ਼ ਤਾਰੀਖ 27 ਅਪ੍ਰੈਲ 2026 ਤੈਅ ਕੀਤੀ ਗਈ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪੰਜਾਬ ਵਿੱਚ ਇਸ ਨੂੰ ਲੈ ਕੇ ਸਿਆਸੀ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਇਸ ਸੀਰੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ; ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਪਰਾਧੀ ਦਾ ਗ਼ਲਤ ਪ੍ਰਚਾਰ ਹੋ ਸਕਦਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਜਤਾਇਆ ਇਤਰਾਜ਼, ਗੈਂਗਸਟਰਾਂ ਨੂੰ ਗਲੋਰੀਫਾਈ ਕੀਤਾ ਜਾ ਰਿਹਾ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਵੈੱਬ ਸੀਰੀਜ਼ ਸਮਾਜ ਨੂੰ ਗਲਤ ਸੁਨੇਹਾ ਦੇ ਰਹੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਗੈਂਗਸਟਰਾਂ ਨੂੰ ਹੀਰੋ ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਨੌਜਵਾਨਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਸ਼ਹੀਦ, ਯੋਧੇ, ਵਿਗਿਆਨੀ ਅਤੇ ਖਿਡਾਰੀ ਹਨ ਜਿਨ੍ਹਾਂ ਬਾਰੇ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਇਹ ਸਿਰਫ਼ ਇਸ ਗੈਂਗਸਟਰ 'ਤੇ ਹੀ ਕਿਉਂ ਬਣਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਉਨ੍ਹਾਂ ਦੇ ਪੁੱਤ ਨੂੰ ਮਾਰਿਆ, ਜਿਸਦਾ ਉਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਲਾਰੈਂਸ ਬਿਸ਼ਨੋਈ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ, ਪੰਜਾਬੀਆਂ ਦਾ ਕਾਤਲ ਹੈ।
ਧਮਕੀਆਂ ਅਤੇ ਫਿਰੌਤੀਆਂ
ਲਾਰੈਂਸ ਇਸ ਸਮੇਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਦਾ ਗੈਂਗ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਾਰੋਬਾਰੀਆਂ ਤੋਂ ਫਿਰੌਤੀ (ਰੰਗਦਾਰੀ) ਵਸੂਲਣ ਵਿੱਚ ਲਗਾਤਾਰ ਸਰਗਰਮ ਹੈ। ਅਕਸਰ ਧਮਕੀਆਂ ਦੇਣ ਅਤੇ ਫਾਇਰਿੰਗ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਨੂੰ ਫਿਰੌਤੀ ਲਈ ਲਗਾਤਾਰ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ।