GTC Punjabi Creators Awards 2026: ਪੁਜਨੀਤ ਸਿੰਘ ਅਤੇ ਹਰਗੁਣ ਕੌਰ ਨੂੰ ਮਿਲਿਆ ਵਿਸ਼ੇਸ਼ ਸਨਮਾਨ, ਫੂਡ ਕੰਟੈਂਟ ਅਤੇ ਸੰਗੀਤ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਦੀ ਹੋਈ ਸ਼ਲਾਘਾ

ਰਚਨਾਤਮਕਤਾ, ਜਨੂੰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਕਲਾਕਾਰਾਂ ਤੇ ਡਿਜੀਟਲ ਕ੍ਰਿਏਟਰਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਜੀ.ਟੀ.ਸੀ. ਪੰਜਾਬੀ (GTC Punjabi) ਵੱਲੋਂ ਐਸ.ਐਮ.ਟੀ.ਵੀ. (SMTV) ਦੇ ਸਹਿਯੋਗ ਨਾਲ ਕਰਵਾਏ ਗਏ 'GTC Punjabi Creators Awards 2026' ਸਮਾਰੋਹ ਵਿੱਚ ਪੰਜਾਬ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

By:  Lajwinder Kaur November 23rd 2026 06:40 PM -- Updated: November 23rd 2026 06:44 PM

ਰਚਨਾਤਮਕਤਾ, ਜਨੂੰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਕਲਾਕਾਰਾਂ ਤੇ ਡਿਜੀਟਲ ਕ੍ਰਿਏਟਰਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਜੀ.ਟੀ.ਸੀ. ਪੰਜਾਬੀ (GTC Punjabi) ਵੱਲੋਂ ਐਸ.ਐਮ.ਟੀ.ਵੀ. (SMTV) ਦੇ ਸਹਿਯੋਗ ਨਾਲ ਕਰਵਾਏ ਗਏ 'GTC Punjabi Creators Awards 2026' ਸਮਾਰੋਹ ਵਿੱਚ ਪੰਜਾਬ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਦੇ ਹੇਠ ਪੁਜਨੀਤ ਸਿੰਘ ਅਤੇ ਹਰਗੁਣ ਕੌਰ ਨੂੰ ਵਿਸ਼ੇਸ਼ ਐਵਾਰਡਾਂ ਨਾਲ ਨਿਵਾਜਿਆ ਗਿਆ।

ਫੂਡ ਅਤੇ ਡਿਜੀਟਲ ਕੰਟੈਂਟ ਲਈ ਪੁਜਨੀਤ ਸਿੰਘ ਦਾ ਸਨਮਾਨ

ਇਸ ਵੱਕਾਰੀ ਅਵਾਰਡ ਸਮਾਰੋਹ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੀ.ਟੀ.ਸੀ. ਪੰਜਾਬੀ ਦੀ ਸੀ.ਈ.ਓ. ਪੱਲਵੀ ਸ਼੍ਰੀਵਾਸਤਵ ਅਤੇ ਐਸ.ਐਮ.ਟੀ.ਵੀ. ਦੇ ਸੰਸਥਾਪਕ ਸਿਮਰਨਜੋਤ ਸਿੰਘ ਮੱਕੜ ਵੱਲੋਂ ਪੁਜਨੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ। ਇੱਕ ਕ੍ਰਿਏਟਰ ਅਤੇ ਫੂਡ ਕਨੌਇਸਰ (ਭੋਜਨ ਦੇ ਸ਼ੌਕੀਨ ਅਤੇ ਜਾਣਕਾਰ) ਵਜੋਂ ਜਾਣੇ ਜਾਂਦੇ ਪੁਜਨੀਤ ਸਿੰਘ ਨੂੰ ਫੂਡ ਅਤੇ ਡਿਜੀਟਲ ਕੰਟੈਂਟ ਦੀ ਦੁਨੀਆ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਇਹ ਪੁਰਸਕਾਰ ਦਿੱਤਾ ਗਿਆ।

ਉਨ੍ਹਾਂ ਦੇ ਕੰਮ ਅਤੇ ਖਾਣੇ ਪ੍ਰਤੀ ਜਨੂੰਨ ਨੇ ਡਿਜੀਟਲ ਪਲੇਟਫਾਰਮ ’ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਆਪਣੇ ਵਿਲੱਖਣ ਕੰਟੈਂਟ ਰਾਹੀਂ ਉਹ ਦਰਸ਼ਕਾਂ ਤੱਕ ਭੋਜਨ ਨਾਲ ਜੁੜੀਆਂ ਦਿਲਚਸਪ ਜਾਣਕਾਰੀਆਂ ਅਤੇ ਨਵੇਂ ਤਜਰਬੇ ਪਹੁੰਚਾਉਂਦੇ ਹਨ। ਇਸ ਮੌਕੇ ਉਨ੍ਹਾਂ ਦੀ ਰਚਨਾਤਮਕ ਸੋਚ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਹਰਗੁਣ ਕੌਰ ਨੂੰ ਮਿਲਿਆ 'New Age Music Performer' ਦਾ ਖ਼ਿਤਾਬ

ਦੂਜੇ ਪਾਸੇ, ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵੱਲ ਵਧ ਰਹੀ ਉੱਭਰਦੀ ਕਲਾਕਾਰ ਹਰਗੁਣ ਕੌਰ ਲਈ ਵੀ ਇਹ ਸਮਾਰੋਹ ਬੇਹੱਦ ਮਾਣ ਵਾਲਾ ਪਲ ਲੈ ਕੇ ਆਇਆ। ਉਨ੍ਹਾਂ ਨੂੰ 'GTC Punjabi Creators Awards 2026' ਵਿੱਚ 'New Age Music Performer' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਸੰਗੀਤ ਪ੍ਰਤੀ ਲਗਨ, ਕਲਾਤਮਕ ਪ੍ਰਤਿਭਾ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਮਾਨਤਾ ਦਿੰਦਿਆਂ ਦਿੱਤਾ ਗਿਆ।

ਹਰਗੁਣ ਕੌਰ ਨੇ ਆਪਣੀ ਸੁਰੀਲੀ ਗਾਇਕੀ ਅਤੇ ਆਧੁਨਿਕ ਸੰਗੀਤਕ ਪੇਸ਼ਕਾਰੀ ਰਾਹੀਂ ਨਵੀਂ ਪੀੜ੍ਹੀ ਦੇ ਸਰੋਤਿਆਂ ਵਿੱਚ ਖ਼ਾਸ ਥਾਂ ਬਣਾਈ ਹੈ। ਸੰਗੀਤ ਪ੍ਰਤੀ ਉਨ੍ਹਾਂ ਦੀ ਡੂੰਘੀ ਦਿਲਚਸਪੀ ਅਤੇ ਕੁਝ ਨਵਾਂ ਕਰਨ ਦੀ ਤਾਂਘ ਪੰਜਾਬੀ ਸੰਗੀਤ ਦੇ ਉੱਜਵਲ ਤੇ ਉੱਭਰਦੇ ਭਵਿੱਖ ਦੀ ਝਲਕ ਪੇਸ਼ ਕਰਦੀ ਹੈ।

ਨਵੇਂ ਹੁਨਰ ਨੂੰ ਮੰਚ ਦੇਣ ਦਾ ਉਪਰਾਲਾ

ਜ਼ਿਕਰਯੋਗ ਹੈ ਕਿ ਜੀ.ਟੀ.ਸੀ. ਪੰਜਾਬੀ ਅਤੇ ਐਸ.ਐਮ.ਟੀ.ਵੀ. ਦੇ ਸਾਂਝੇ ਉਪਰਾਲੇ ਤਹਿਤ ਕਰਵਾਏ ਗਏ ਇਨ੍ਹਾਂ ਐਵਾਰਡਾਂ ਦਾ ਮੁੱਖ ਮਕਸਦ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਲਾ, ਹੁਨਰ ਅਤੇ ਮਿਹਨਤ ਨਾਲ ਪਛਾਣ ਬਣਾਉਣ ਵਾਲੇ ਨਵੇਂ ਕਲਾਕਾਰਾਂ ਤੇ ਡਿਜੀਟਲ ਕ੍ਰਿਏਟਰਾਂ ਨੂੰ ਇੱਕ ਮਜ਼ਬੂਤ ਮੰਚ ਅਤੇ ਹੌਸਲਾ ਅਫ਼ਜ਼ਾਈ ਪ੍ਰਦਾਨ ਕਰਨਾ ਹੈ। ਪੁਜਨੀਤ ਸਿੰਘ ਅਤੇ ਹਰਗੁਣ ਕੌਰ ਨੂੰ ਮਿਲੇ ਇਹ ਸਨਮਾਨ ਉਨ੍ਹਾਂ ਦੇ ਸਫ਼ਰ ਦੀਆਂ ਅਹਿਮ ਪ੍ਰਾਪਤੀਆਂ ਵਜੋਂ ਦੇਖੇ ਜਾ ਰਹੇ ਹਨ।



© Copyright Galactic Television & Communications Pvt. Ltd. 2026. All rights reserved.