ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ: 12ਵੀਂ ਜਮਾਤ ਦਾ ਆਇਆ ਨਤੀਜਾ, ਇੱਕ ਵਾਰ ਫਿਰ ਤੋਂ ਕੁੜੀਆਂ ਨੇ ਮਾਰੀ ਬਾਜ਼ੀ, ਇੰਝ Result ਕਰੋ ਚੈੱਕ...

By:  Lajwinder Kaur May 13th 2026 12:44 PM -- Updated: May 13th 2026 01:08 PM

ਪੰਜਾਬ ਵਿੱਚ 12ਵੀਂ ਜਮਾਤ ਦਾ ਨਤੀਜਾ ਅੱਜ ਯਾਨੀਕਿ 13 ਮਈ ਨੂੰ ਘੋਸ਼ਿਤ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਵਿਦਿਆਰਥੀ ਆਪਣਾ ਰਿਜ਼ਲਟ ਦੇਖ ਸਕਦੇ ਹਨ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅੱਜ ਰਸਮੀ ਤੌਰ 'ਤੇ ਨਤੀਜੇ ਦਾ ਐਲਾਨ ਕੀਤਾ ਹੈ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਰਿਜ਼ਲਟ ਦੇਖਣ ਵਿੱਚ ਕੋਈ ਦਿੱਕਤ ਆਉਂਦੀ ਹੈ, ਤਾਂ ਉਹ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 95491-61161 'ਤੇ ਸੰਪਰਕ ਕਰ ਸਕਦਾ ਹੈ।

ਇਨ੍ਹਾਂ ਬੱਚੀਆਂ ਨੇ ਕੀਤਾ ਮਾਪਿਆਂ ਦਾ ਨਾਂਅ ਰੌਸ਼ਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ਵਿੱਚ ਲਈ ਗਈ ਬਾਰ੍ਹਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸੁਪਨੀਤ ਕੌਰ (ਰੋਲ ਨੰ. 2026184632) ਨੇ 500/500 (100%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ 'ਤੇ ਸੁਹਾਨੀ ਚੌਹਾਨ (ਰੋਲ ਨੰ. 2026482108) ਰਹੀ ਹੈ, ਜਿਸ ਨੇ ਵੀ 500/500 (100%) ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਦਿਵਾਂਸ਼ੀ (ਰੋਲ ਨੰ. 2026494333) ਨੇ ਵੀ 100% ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਬੋਰਡ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹਨਾਂ ਤਿੰਨਾਂ ਵਿਦਿਆਰਥੀਆਂ ਨੇ ਪੂਰੇ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

ਪੰਜਾਬ ਬੋਰਡ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮਾਰੀ ਬਾਜ਼ੀ; 91.46 ਫੀਸਦੀ ਰਿਹਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ 12ਵੀਂ ਦੇ ਨਤੀਜਿਆਂ ਵਿੱਚ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਪ੍ਰੀਖਿਆ ਵਿੱਚ ਕੁੱਲ 2,65,417 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਬੋਰਡ ਦਾ ਕੁੱਲ ਨਤੀਜਾ 91.46 ਫੀਸਦੀ ਰਿਹਾ ਹੈ।

ਮੈਰਿਟ ਸੂਚੀ ਵਿੱਚ ਵੀ ਕੁੜੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਬੋਰਡ ਵੱਲੋਂ ਜਾਰੀ ਅਧਿਕਾਰਤ ਸੂਚੀ ਅਨੁਸਾਰ ਸੁਪਨੀਤ ਕੌਰ, ਸੁਹਾਨੀ ਚੌਹਾਨ ਅਤੇ ਦਿਵਾਂਸ਼ੀ ਨੇ 100% (500/500) ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪੂਰੇ ਅੰਕਾਂ ਨਾਲ ਟਾਪਰ ਬਣ ਕੇ ਇਹਨਾਂ ਵਿਦਿਆਰਥਣਾਂ ਨੇ ਸੂਬੇ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।

ਇੰਝ ਚੈੱਕ ਕਰ ਸਕਦੇ ਹੋ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਨਤੀਜਾ ਦੇਖਣ ਦਾ ਪ੍ਰਬੰਧ ਵੈੱਬਸਾਈਟ 'ਤੇ ਕਰ ਦਿੱਤਾ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਰੋਲ ਨੰਬਰ ਅਤੇ ਨਾਂ ਦਰਜ ਕਰਕੇ ਆਪਣਾ ਰਿਜ਼ਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ ਕਿਸੇ ਵੀ ਵਿਦਿਆਰਥੀ ਨੂੰ ਵੈੱਬਸਾਈਟ 'ਤੇ ਨਤੀਜਾ ਦੇਖਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹਨਾਂ ਦੀ ਮਦਦ ਲਈ ਬੋਰਡ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।


ਇਸ ਲਿੰਕ ਉੱਤੇ ਕਲਿੱਕ ਕਰਕੇ ਵੀ ਤੁਸੀਂ ਸਿੱਧਾ ਰਿਜ਼ਲਟ ਦੇਖ ਸਕਦੇ ਹੋ- 12th Class Result 2026


© Copyright Galactic Television & Communications Pvt. Ltd. 2026. All rights reserved.