PSEB ਦਾ ਆਇਆ 8ਵੀਂ ਦਾ ਰਿਜ਼ਲਟ, CM ਮਾਨ ਨੇ ਪੋਸਟ ਪਾ ਅੱਵਲ ਆਈਆਂ ਬੱਚੀਆਂ ਨੂੰ ਦਿੱਤੀ ਮੁਬਾਰਕ,ਬੋਲੇ-’ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ’

By  Lajwinder Kaur April 11th 2026 12:37 PM -- Updated: April 11th 2026 12:54 PM

PSEB 8th Result:  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10 ਅਪ੍ਰੈਲ ਦੀ ਦੇਰ ਸ਼ਾਮ ਅੱਠਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜੈਤੋ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਮੰਨਾ ਨੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਅਕਾਦਮਿਕ ਖੇਤਰ ਵਿੱਚ ਇਤਿਹਾਸ ਰਚ ਦਿੱਤਾ ਹੈ।

ਨਤੀਜਿਆਂ ਦੀ ਸੂਚੀ ਵਿੱਚ ਦੂਜਾ ਅਤੇ ਤੀਜਾ ਸਥਾਨ ਵੀ ਕੁੜੀਆਂ ਦੇ ਹਿੱਸੇ ਆਇਆ ਹੈ। ਸਰਕਾਰੀ ਮਿਡਲ ਸਕੂਲ, ਅਕਵਾਸ (ਸੰਗਰੂਰ) ਦੀ ਜਪਨੀਤ ਕੌਰ ਨੇ ਦੂਜਾ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੋਵਾਂ ਵਿਦਿਆਰਥਣਾਂ ਨੇ 600 ਵਿੱਚੋਂ 598 (99.67%) ਅੰਕ ਪ੍ਰਾਪਤ ਕੀਤੇ ਹਨ। ਖ਼ਾਸ ਗੱਲ ਇਹ ਹੈ ਕਿ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਇਹ ਵਿਦਿਆਰਥਣਾਂ ਪੜ੍ਹਾਈ ਦੇ ਨਾਲ-ਨਾਲ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਵੀ ਮੱਲਾਂ ਮਾਰ ਚੁੱਕੀਆਂ ਹਨ।

CM ਮਾਨ ਨੇ ਵੀ ਪੋਸਟ ਪਾ ਕੇ ਬੱਚੀਆਂ ਨੂੰ ਦਿੱਤੀ ਗਈ ਮੁਬਾਰਕਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਉੱਤੇ ਪੋਸਟ ਪਾ ਲਿਖਿਆ- ‘ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਅੱਵਲ ਆਈਆਂ ਕੁੜੀਆਂ 'ਚ ਪਹਿਲੇ ਸਥਾਨ ਉਪਰ ਜ਼ਿਲ੍ਹਾ ਫ਼ਰੀਦਕੋਟ ਦੀ ਤਮੰਨਾ, ਦੂਜੇ ਸਥਾਨ ਉਪਰ ਜ਼ਿਲ੍ਹਾ ਸੰਗਰੂਰ ਦੀ ਜਪਨੀਤ ਕੌਰ ਤੇ ਤੀਜੇ ਸਥਾਨ ਉਪਰ ਜ਼ਿਲ੍ਹਾ ਫ਼ਰੀਦਕੋਟ ਦੀ ਜਸ਼ਨਦੀਪ ਕੌਰ ਰਹੀ। ਸਾਰਿਆਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਵਧਾਈਆਂ।’

ਨਤੀਜਿਆਂ ਦਾ ਵੇਰਵਾ

ਇਸ ਸਾਲ ਅੱਠਵੀਂ ਦੀ ਪ੍ਰੀਖਿਆ ਵਿੱਚ ਕੁੱਲ 2,62,966 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,53,789 ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਕੁੱਲ ਪਾਸ ਪ੍ਰਤੀਸ਼ਤਤਾ 96.51 ਫੀਸਦੀ ਰਹੀ ਹੈ।

ਸਿੱਖਿਆ ਮੰਤਰੀ ਨੇ ਦਿੱਤੀ ਵਧਾਈ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਾਨਦਾਰ ਨਤੀਜਿਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਗਏ ਵਿਦਿਅਕ ਸੁਧਾਰਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਪ੍ਰਮਾਣ ਹਨ। ਮੰਤਰੀ ਬੈਂਸ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਫੇਲ੍ਹ ਹੋਣ ਵਾਲੇ ਬੱਚਿਆਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੰਦਿਆਂ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਅਕਾਦਮਿਕ ਮਦਦ ਰਾਹੀਂ ਉਨ੍ਹਾਂ ਦੇ ਭਵਿੱਖ ਨੂੰ ਸੁਧਾਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਇਸ ਲਿੰਕ ਉੱਤੇ ਕਲਿੱਕ ਕਰਕੇ ਦੇਖੋ ਰਿਜ਼ਲਟ-


© Copyright Galactic Television & Communications Pvt. Ltd. 2026. All rights reserved.