ਗਰਮੀ ਤੇ ਲੂ ਨੇ ਧਾਰਿਆ ਪ੍ਰਚੰਡ ਰੂਪ! ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, ਪ੍ਰਸ਼ਾਸਨ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ

By:  Lajwinder Kaur May 20th 2026 10:58 AM -- Updated: May 20th 2026 11:16 AM

ਇਸ ਸਮੇਂ ਉੱਤਰ ਭਾਰਤ ਦੇ ਵਿੱਚ ਗਰਮੀ ਆਪਣੇ ਸਿੱਖਰਾਂ ਉੱਤੇ ਚੱਲ ਰਹੀ ਹੈ। ਪਾਰਾ 47 ਡਿਗਰੀ ਤੱਕ ਪਹੁੰਚ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਚ 50 ਡਿਗਰੀ ਨੂੰ ਛੂਹ ਸਕਦਾ ਹੈ। ਅਜਿਹੇ ਚ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਾ ਮੁਸ਼ਕਿਲ ਬਣਿਆ ਹੋਇਆ ਹੈ। ਸਿਹਤ ਵਿਭਾਗ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਗਰਮੀ ਤੋਂ ਬਚਾਅ ਰੱਖਿਆ ਜਾਏ। ਜਿਸ ਕਰਕੇ ਹੁਣ ਕਈ ਸੂਬੇ ਗਰਮੀ ਦੀ ਛੁੱਟੀਆਂ ਦਾ ਐਲਾਨ ਕਰ ਰਹੇ ਹਨ। 

ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੀ ਵਧ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਹੀਟ ਸਟ੍ਰੋਕ (ਲੂ ਲੱਗਣਾ), ਡੀਹਾਈਡ੍ਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ) ਅਤੇ ਗਰਮੀ ਨਾਲ ਜੁੜੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਬਣਿਆ ਰਹੇਗਾ।

ਚੰਡੀਗੜ੍ਹ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ

ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ, ਜੋ 23 ਮਈ ਤੋਂ 30 ਜੂਨ 2026 ਤੱਕ (ਕੁੱਲ 39 ਦਿਨ) ਰਹਿਣਗੀਆਂ, ਹਾਲਾਂਕਿ 29-30 ਜੂਨ ਨੂੰ ਅਧਿਆਪਕ ਸਕੂਲ ਆਉਣਗੇ।


ਪ੍ਰਸ਼ਾਸਨ ਦੀ ਐਡਵਾਈਜ਼ਰੀ ਮੁਤਾਬਕ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਦੁਪਹਿਰ ਵੇਲੇ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਸਕੂਲਾਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਿਸੇ ਵੀ ਤਰ੍ਹਾਂ ਦੀਆਂ ਆਊਟਡੋਰ ਗਤੀਵਿਧੀਆਂ ਨਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੇ ਤਾਪਮਾਨ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਤੇਜ਼ੀ ਨਾਲ ਹੋ ਸਕਦੀ ਹੈ, ਜਿਸ ਨਾਲ ਚੱਕਰ ਆਉਣੇ, ਕਮਜ਼ੋਰੀ, ਉਲਟੀ ਅਤੇ ਹੀਟ ਸਟ੍ਰੋਕ (ਲੂ ਲੱਗਣਾ) ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ, ਤਾਂ ਸਿਰ ਢੱਕ ਕੇ ਨਿਕਲੋ, ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ ਅਤੇ ਵੱਧ ਤੋਂ ਵੱਧ ਪਾਣੀ ਪੀਂਦੇ ਰਹੋ।

ਗਰਮੀ ਤੋਂ ਬਚਾਅ ਦੇ ਲਈ ਕਰੋ ਇਹ ਕੰਮ

ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਹੁਤ ਜ਼ਿਆਦਾ ਗਰਮੀ ਵਿੱਚ ਬਾਹਰ ਨਿਕਲਣ ਤੋਂ ਬਚਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣ। ਪਿਆਸ ਲੱਗਣ 'ਤੇ ਖ਼ੂਬ ਪਾਣੀ ਪੀਓ ਅਤੇ ਓ.ਆਰ.ਐੱਸ. (ORS), ਲੱਸੀ, ਨਿੰਬੂ ਪਾਣੀ ਤੇ ਛਾਛ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਰਹੋ। ਬਾਹਰ ਨਿਕਲਦੇ ਸਮੇਂ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨੋ ਅਤੇ ਸਿਰ ਨੂੰ ਕੱਪੜੇ, ਟੋਪੀ ਜਾਂ ਛਤਰੀ ਨਾਲ ਢੱਕ ਕੇ ਰੱਖੋ।

ਇਸੇ ਦੌਰਾਨ ਚੰਡੀਗੜ੍ਹ ਸਿਹਤ ਵਿਭਾਗ ਨੇ ਵੀ ਆਪਣੀ ਦੂਜੀ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਗਰਮੀ ਤੋਂ ਬਚਣ ਅਤੇ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪਿਛਲੇ 14 ਦਿਨਾਂ ਵਿੱਚ ਇਹ ਦੂਜੀ ਐਡਵਾਈਜ਼ਰੀ ਹੈ, ਜਦਕਿ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਏਸੀ (AC) ਦਾ ਤਾਪਮਾਨ 24-25 ਡਿਗਰੀ ਰੱਖਣ ਲਈ ਕਿਹਾ ਗਿਆ ਸੀ।

© Copyright Galactic Television & Communications Pvt. Ltd. 2026. All rights reserved.