ਪੰਜਾਬ ਦੇ ਕਿਸਾਨਾਂ ਨਾਲ ਵਾਪਰਿਆ ਵੱਡਾ ਹਾਦਸਾ! ਟਰੱਕ ਨੇ 3 ਕੰਬਾਈਨਾਂ ਨੂੰ ਮਾਰੀ ਟੱਕਰ, ਲੱਖਾਂ ਦਾ ਹੋਇਆ ਨੁਕਸਾਨ

By:  Lajwinder Kaur April 11th 2026 02:51 PM -- Updated: April 11th 2026 03:46 PM

ਸੰਗਰੂਰ ਤੋਂ ਇੱਕ ਵੱਡੀ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੰਗਰੂਰ ਦੇ ਉਪਲੀ ਪਿੰਡ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਰਾਤ ਕਰੀਬ 1 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਆ ਰਹੀਆਂ ਤਿੰਨ ਕੰਬਾਈਨਾਂ ਨੂੰ ਇੱਕ ਤੋਂ ਬਾਅਦ ਇੱਕ ਟੱਕਰ ਮਾਰ ਦਿੱਤੀ। ​ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਮੱਧ ਪ੍ਰਦੇਸ਼ ਵਿੱਚ ਸੀਜ਼ਨ ਲਗਾ ਕੇ ਵਾਪਸ ਪੰਜਾਬ ਪਰਤ ਰਹੇ ਸਨ। ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਸ਼ੀਨਰੀ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ਦੀਆਂ ਤਸਵੀਰਾਂ ਹੌਸ਼ ਉਡਾਣ ਵਾਲੀਆਂ ਹਨ। 


ਕਿਸਾਨਾਂ ‘ਤੇ ਪਈ ਦੋਹਰੀ ਮਾਰ

ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ। ਰਾਜਸਥਾਨ ਨੰਬਰ ਦੇ ਇੱਕ ਟਰੱਕ ਨੇ ਕਿਸਾਨਾਂ ਦੀ ਰੋਜ਼ੀ-ਰੋਟੀ ਯਾਨੀ ਕਿ ਉਹਨਾਂ ਦੀਆਂ ਕੰਬਾਈਨਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਪੀੜਤ ਕਿਸਾਨਾਂ ਮੁਤਾਬਕ ਉਹ ਪਹਿਲਾਂ ਹੀ ਕੁਦਰਤ ਦੀ ਮਾਰ ਝੱਲ ਰਹੇ ਹਨ। ਫਿਰੋਜ਼ਪੁਰ ਵਿੱਚ ਗੁਲਾਬੀ ਸੁੰਡੀ ਅਤੇ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਖ਼ਰਾਬ ਹੋਈਆਂ, ਜਿਸ ਤੋਂ ਬਾਅਦ ਉਹ ਆਸ ਲੈ ਕੇ ਮੱਧ ਪ੍ਰਦੇਸ਼ ਗਏ ਸਨ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 


ਹਾਦਸੇ ਦੇ ਸ਼ਿਕਾਰ ਹੋਏ ਕਿਸਾਨਾਂ ਦੇ ਨਾਲ ਜੀਟੀਸੀ ਦੇ ਪੱਤਰਕਾਰ ਨੇ ਗੱਲਬਾਤ ਕੀਤੀ। ਪੀੜਤ ਕਿਸਾਨ ਨੇ ਦੱਸਿਆ ਕਿ "ਅਸੀਂ ਆਪਣੀ ਲਾਈਨ ਵਿੱਚ ਜਾ ਰਹੇ ਸੀ, ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਤੇ ਪਹਿਲਾਂ ਇੱਕ ਮਸ਼ੀਨ ਨੂੰ ਟੱਕਰ ਮਾਰੀ, ਫਿਰ ਦੂਜੀ ਤੇ ਫਿਰ ਤੀਜੀ। ਸਾਡੇ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਮਸ਼ੀਨਾਂ ਦਾ ਬਹੁਤ ਨੁਕਸਾਨ ਹੋ ਗਿਆ। ਅੱਗੇ ਪੰਜਾਬ ਦਾ ਸੀਜ਼ਨ ਖੜ੍ਹਾ ਹੈ, ਹੁਣ ਅਸੀਂ ਕੀ ਕਰਾਂਗੇ? ਸਾਡੀ ਲੇਬਰ ਦਾ ਖਰਚਾ .. ਸਭ ਕੁਝ ਰੁਕ ਗਿਆ ਹੈ।"

ਮੌਕੇ ਤੇ ਮੌਜੂਦ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਕਣਕ ਦਾ ਸੀਜ਼ਨ ਲਾ ਕੇ ਵਾਪਸ ਫਿਰੋਜ਼ਪੁਰ ਜਾ ਰਹੇ ਸੀ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿ ਅੱਗੇ ਜਾ ਕੇ ਕਣਕ ਦਾ ਸੀਜ਼ਨ ਲਗਾਉਣਾ ਸੀ ਉਹ ਬਰਬਾਦ ਹੋ ਗਿਆ ਕੰਬਾਈਨਾਂ ਦੇ ਉੱਪਰ ਜੋ ਲੇਬਰ ਰੱਖੀ ਉਸਦਾ ਖਰਚ ਇਸ ਤੋਂ ਪਹਿਲਾਂ ਜਦੋਂ ਮਧਿਆ ਪ੍ਰਦੇਸ਼ ਗਏ ਉੱਥੇ ਬੇਮੌਸਮੀ ਬਰਸਾਤ ਕਰਕੇ ਚੰਗਾ ਸੀਜ਼ਨ ਨਹੀਂ ਲੱਗ ਸਕਿਆ। ਇਸ ਲਈ ਕਿਸਾਨਾਂ ਨੇ ਸਰਕਾਰ ਵੱਲੋਂ ਮਦਦ ਦੀ ਗੁਹਾਰ ਲਗਾਈ ਹੈ।

© Copyright Galactic Television & Communications Pvt. Ltd. 2026. All rights reserved.