ਸੰਗਰੂਰ 'ਚ ਇਨਕਮ ਟੈਕਸ ਦਾ ਵੱਡਾ ਐਕਸ਼ਨ: ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ ਸਵੇਰੇ-ਸਵੇਰੇ ਰੇਡ, ਟੀਮਾਂ ਖੰਗਾਲ ਰਹੀਆਂ ਰਿਕਾਰਡ

ਪੰਜਾਬ ‘ਚ ਇਨਕਮ ਟੈਕਸ ਦਾ ਵੱਡਾ ਐਕਸ਼ਨ, ਸਵੇਰੇ-ਸਵੇਰੇ ਸੰਗਰੂਰ 'ਚ ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ ਰੇਡ, ਦਿੜ੍ਹਬਾ ਸਮੇਤ ਕਈ ਥਾਵਾਂ 'ਤੇ ਟੀਮਾਂ ਰਿਕਾਰਡ ਖੰਗਾਲ ਰਹੀਆਂ ਹਨ। ਕਰੀਬੀਆਂ ਦੇ ਘਰਾਂ 'ਚ ਵੀ ਜਾਂਚ ਜਾਰੀ ਹੈ।

By:  Lajwinder Kaur November 12th 2026 10:34 AM -- Updated: November 12th 2026 11:20 AM

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਵਿੱਚ ਵੀਰਵਾਰ ਸਵੇਰੇ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ। ਵਿਭਾਗ ਦੀਆਂ ਟੀਮਾਂ ਨੇ ਦਿੜ੍ਹਬਾ ਦੇ ਇੱਕ ਵੱਡੇ ਕਾਰੋਬਾਰੀ ਨਾਲ ਜੁੜੇ ਕਈ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਸਵੇਰ ਤੋਂ ਹੀ ਵੱਖ-ਵੱਖ ਥਾਵਾਂ 'ਤੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਕਾਰੋਬਾਰੀ ਦੇ ਟਿਕਾਣਿਆਂ ਤੋਂ ਇਲਾਵਾ ਉਸ ਦੇ ਕਰੀਬੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਘਰਾਂ ਤੇ ਦਫ਼ਤਰਾਂ ਵਿੱਚ ਵੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਇਲਾਕਿਆਂ ਵਿੱਚ ਵੀ ਛਾਪੇਮਾਰੀ ਦੀ ਚਰਚਾ

ਸੂਤਰਾਂ ਅਨੁਸਾਰ, ਇਨਕਮ ਟੈਕਸ ਵਿਭਾਗ ਦੀ ਇਹ ਕਾਰਵਾਈ ਸਿਰਫ਼ ਦਿੜ੍ਹਬਾ ਤੱਕ ਹੀ ਸੀਮਤ ਨਹੀਂ ਹੈ। ਜ਼ਿਲ੍ਹੇ ਤੋਂ ਬਾਹਰ ਕਿਸੇ ਹੋਰ ਇਲਾਕੇ ਵਿੱਚ ਵੀ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਕਾਰਵਾਈ ਦੇ ਕਾਰਨਾਂ ਬਾਰੇ ਅਜੇ ਵੀ ਸਸਪੈਂਸ

ਫਿਲਹਾਲ ਵਿਭਾਗ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਛਾਪੇਮਾਰੀ ਕਿਸ ਮਾਮਲੇ ਜਾਂ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਨਾ ਹੀ ਸਬੰਧਤ ਕਾਰੋਬਾਰੀ ਜਾਂ ਉਸ ਨਾਲ ਜੁੜੇ ਹੋਰ ਲੋਕਾਂ ਦੇ ਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਦੀਆਂ ਟੀਮਾਂ ਵੱਲੋਂ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਬਟਾਲਾ ਦੇ ਰਿਜੋਰਟ 'ਚ ED ਦੀ ਰੇਡ, ਸਵੇਰੇ 7 ਵਜੇ ਪਹੁੰਚੀ ਟੀਮ

ਉੱਧਰ ਬਟਾਲਾ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਇੱਕ ਰਿਜੋਰਟ ਵਿੱਚ ਅੱਜ ਸਵੇਰੇ ਕਰੀਬ 7 ਵਜੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਰੇਡ ਕਿੰਨਾ ਸਮਾਂ ਜਾਰੀ ਰਹੇਗੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ, ਅਧਿਕਾਰੀਆਂ ਵੱਲੋਂ ਰਿਜੋਰਟ ਦੇ ਅੰਦਰ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।

ਰਿਜੋਰਟ ਦੇ ਮਾਲੀ ਨੂੰ ਵੀ ਅੰਦਰ ਜਾਣ ਤੋਂ ਰੋਕਿਆ

ਰਿਜੋਰਟ ਦੇ ਮਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਲੇਬਰ ਲਈ ਖਾਣਾ ਲੈ ਕੇ ਅੰਦਰ ਜਾਣ ਲੱਗਾ ਤਾਂ ਉੱਥੇ ਮੌਜੂਦ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਉਸ ਨੂੰ ਰੋਕ ਦਿੱਤਾ। ਜਵਾਨਾਂ ਨੇ ਦੱਸਿਆ ਕਿ ਰਿਜੋਰਟ ਵਿੱਚ ED ਦੀ ਰੇਡ ਚੱਲ ਰਹੀ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਕਾਰਨ ਉਹ ਖਾਣਾ ਲੈ ਕੇ ਵੀ ਅੰਦਰ ਨਹੀਂ ਜਾ ਸਕਿਆ। ਫਿਲਹਾਲ ED ਦੀ ਟੀਮ ਵੱਲੋਂ ਜਾਂਚ ਜਾਰੀ ਹੈ ਅਤੇ ਛਾਪੇਮਾਰੀ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।


© Copyright Galactic Television & Communications Pvt. Ltd. 2026. All rights reserved.