Nvidia ਦੇ ਨਵੇਂ CEO ਦੀ ਦੌੜ 'ਚ ਕੌਣ-ਕੌਣ ਸ਼ਾਮਲ? ਟਰੰਪ ਨੇ ਟਿਮ ਕੁੱਕ ਦਾ ਨਾਂ ਕਿਉਂ ਸੁਝਾਇਆ, ਜਾਣੋ ਪੂਰਾ ਮਾਮਲਾ

Nvidia ਦੇ ਸੀਈਓ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਅਫੇਅਰ ਨੂੰ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। Nvidia ਦੇ ਬੋਰਡ ਨੇ ਵੀਰਵਾਰ ਦੇਰ ਰਾਤ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਕੰਪਨੀ ਦੇ CEO ਜੇਨਸਨ ਹੁਆਂਗ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਮੁਖੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

By:  Lajwinder Kaur November 13th 2026 06:21 PM -- Updated: November 13th 2026 06:30 PM

Nvidia ਦੇ ਸੀਈਓ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਅਫੇਅਰ ਨੂੰ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। Nvidia ਦੇ ਬੋਰਡ ਨੇ ਵੀਰਵਾਰ ਦੇਰ ਰਾਤ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਕੰਪਨੀ ਦੇ CEO ਜੇਨਸਨ ਹੁਆਂਗ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਮੁਖੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 33 ਸਾਲਾਂ ਤੱਕ ਕੰਪਨੀ ਦੀ ਅਗਵਾਈ ਕਰਨ ਵਾਲੇ ਹੁਆਂਗ ਦੇ ਜਾਣ ਤੋਂ ਬਾਅਦ CFO ਕੋਲੇਟ ਕ੍ਰੈਸ ਨੂੰ ਅੰਤਰਿਮ CEO ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਕੰਪਨੀ ਦੇ ਨਵੇਂ CEO ਦੇ ਨਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ Apple ਦੇ ਸਾਬਕਾ CEO ਟਿਮ ਕੁੱਕ ਦਾ ਨਾਂ ਸੁਝਾ ਕੇ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਦਿੱਤਾ ਹੈ।

ਸਵਾਲ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ Nvidia ਦੀ ਕਮਾਨ ਹੁਣ ਕਿਸ ਦੇ ਹੱਥ ਆਵੇਗੀ?

ਬੋਰਡ ਨੇ ਬਣਾਇਆ ਨਵਾਂ ਚੇਅਰਮੈਨ

Nvidia ਦੇ ਬੋਰਡ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ। ਅਮਰੀਕਾ ਦੇ ਸਾਬਕਾ SEC ਚੇਅਰਮੈਨ ਗੈਰੀ ਗੈਂਸਲਰ ਨੇ CNN ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਪਨੀ ਦੇ ਬੋਰਡ ਕੋਲ ਕੋਈ ਸੁਤੰਤਰ ਚੇਅਰਮੈਨ ਨਾ ਹੋਣਾ ਕਾਰਪੋਰੇਟ ਗਵਰਨੈਂਸ ਦੀ ਚੰਗੀ ਤਸਵੀਰ ਪੇਸ਼ ਨਹੀਂ ਕਰਦਾ।

ਇਸ ਕਮੀ ਨੂੰ ਦੂਰ ਕਰਨ ਲਈ ਬੋਰਡ ਨੇ ਤਕਨੀਕੀ ਨਿਵੇਸ਼ਕ ਅਤੇ Synopsys ਦੇ ਸਾਬਕਾ CEO ਹਾਰਵੇ ਜੋਨਸ ਨੂੰ ਕੰਪਨੀ ਦਾ ਪਹਿਲਾ ਬੋਰਡ ਚੇਅਰਮੈਨ ਨਿਯੁਕਤ ਕੀਤਾ ਹੈ।

ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਸਥਾਈ CEO ਦੀ ਚੋਣ ਲਈ ਅੰਦਰੂਨੀ ਅਤੇ ਬਾਹਰੀ ਦੋਵਾਂ ਉਮੀਦਵਾਰਾਂ 'ਤੇ ਵਿਚਾਰ ਕੀਤਾ ਜਾਵੇਗਾ।

CEO ਦੀ ਦੌੜ 'ਚ ਦੋ ਮਜ਼ਬੂਤ ਅੰਦਰੂਨੀ ਦਾਅਵੇਦਾਰ

ਰਿਪੋਰਟਾਂ ਅਤੇ ਮਾਹਿਰਾਂ ਮੁਤਾਬਕ ਕੰਪਨੀ ਦੇ ਅੰਦਰੋਂ ਦੋ ਨਾਂ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ।

1. ਇਆਨ ਬੱਕ: ਤਕਨੀਕੀ ਮਾਹਿਰ

ਇਆਨ ਬੱਕ ਨੂੰ Nvidia ਦੇ CEO ਅਹੁਦੇ ਲਈ ਮਜ਼ਬੂਤ ਅੰਦਰੂਨੀ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਹ ਕੰਪਨੀ ਵਿੱਚ ਵਾਈਸ ਪ੍ਰੈਜ਼ੀਡੈਂਟ ਅਤੇ ਹਾਈਪਰਸਕੇਲ ਤੇ ਹਾਈ-ਪਰਫਾਰਮੈਂਸ ਕੰਪਿਊਟਿੰਗ ਬਿਜ਼ਨਸ ਦੇ ਜਨਰਲ ਮੈਨੇਜਰ ਹਨ।

ਉਨ੍ਹਾਂ ਨੇ CUDA ਸਾਫਟਵੇਅਰ ਪਲੇਟਫਾਰਮ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪਲੇਟਫਾਰਮ Nvidia ਦੀਆਂ ਚਿੱਪਾਂ ਨੂੰ AI ਤਕਨੀਕ ਲਈ ਬੇਹੱਦ ਮਹੱਤਵਪੂਰਨ ਬਣਾਉਂਦਾ ਹੈ।

Wall Street Journal ਦੀ ਰਿਪੋਰਟ ਮੁਤਾਬਕ, ਕੰਪਨੀ ਨੂੰ ਅਜਿਹੇ ਤਕਨੀਕੀ ਆਗੂ ਦੀ ਲੋੜ ਹੈ ਜੋ ਇਸ ਦੇ ਭਵਿੱਖ ਦੇ ਤਕਨੀਕੀ ਰੋਡਮੈਪ ਨੂੰ ਸਮਝ ਸਕੇ। ਇਸ ਪੱਖੋਂ ਇਆਨ ਬੱਕ ਮਜ਼ਬੂਤ ਦਾਅਵੇਦਾਰ ਹਨ।

2. ਕੋਲੇਟ ਕ੍ਰੈਸ: ਇਸ ਸਮੇਂ ਸੰਭਾਲ ਰਹੇ CEO ਦੀ ਜ਼ਿੰਮੇਵਾਰੀ

ਕੋਲੇਟ ਕ੍ਰੈਸ ਇਸ ਸਮੇਂ ਕੰਪਨੀ ਦੀ ਅੰਤਰਿਮ CEO ਹਨ ਅਤੇ CFO ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਉਹ 2013 ਤੋਂ Nvidia ਦੀ ਵਿੱਤੀ ਟੀਮ ਦੀ ਅਗਵਾਈ ਕਰ ਰਹੇ ਹਨ।

ਉਹ ਜੇਨਸਨ ਹੁਆਂਗ ਦੇ ਨਾਲ ਕੰਪਨੀ ਦੀਆਂ ਕਮਾਈਆਂ ਸਬੰਧੀ ਮੀਟਿੰਗਾਂ ਵਿੱਚ ਲਗਾਤਾਰ ਸ਼ਾਮਲ ਰਹੇ ਹਨ। ਇਸ ਕਾਰਨ ਨਿਵੇਸ਼ਕ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਬੋਰਡ ਚੇਅਰਮੈਨ ਹਾਰਵੇ ਜੋਨਸ ਨੇ ਵੀ ਕੰਪਨੀ ਅਤੇ ਗਾਹਕਾਂ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਦੀ ਤਾਰੀਫ਼ ਕੀਤੀ ਹੈ। ਹਾਲਾਂਕਿ, The Information ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਲੰਬੇ ਸਮੇਂ ਲਈ CEO ਬਣਾਉਣ ਦੀ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦਾ ਪਿਛੋਕੜ ਇੰਜੀਨੀਅਰਿੰਗ ਦੀ ਬਜਾਏ ਵਿੱਤੀ ਖੇਤਰ ਨਾਲ ਜੁੜਿਆ ਹੋਇਆ ਹੈ।

ਬਾਹਰੋਂ ਵੀ ਇਨ੍ਹਾਂ ਨਾਵਾਂ 'ਤੇ ਹੋ ਰਹੀ ਚਰਚਾ

1. ਰੇਨੇ ਹਾਸ: Arm Holdings ਦੇ CEO

ਰੇਨੇ ਹਾਸ ਨੂੰ ਬਾਹਰੀ ਉਮੀਦਵਾਰਾਂ ਵਿੱਚ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਹ ਪਹਿਲਾਂ 7 ਸਾਲ Nvidia ਵਿੱਚ ਕੰਮ ਕਰ ਚੁੱਕੇ ਹਨ ਅਤੇ ਇਸ ਸਮੇਂ ਬ੍ਰਿਟੇਨ ਦੀ ਚਿੱਪ ਡਿਜ਼ਾਈਨ ਕੰਪਨੀ Arm Holdings ਦੇ CEO ਹਨ। ਉਨ੍ਹਾਂ ਕੋਲ ਚਿੱਪ ਉਦਯੋਗ ਦਾ ਤਜਰਬਾ ਅਤੇ ਵੱਡੀਆਂ ਕੰਪਨੀਆਂ ਦੀ ਅਗਵਾਈ ਕਰਨ ਦੀ ਸਮਰੱਥਾ ਹੈ।

2. ਲੀਜ਼ਾ ਸੂ: AMD ਦੀ CEO

Nvidia ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਕੰਪਨੀ AMD ਦੀ CEO ਲੀਜ਼ਾ ਸੂ ਦਾ ਨਾਂ ਵੀ ਚਰਚਾ ਵਿੱਚ ਹੈ। ਦਿਲਚਸਪ ਗੱਲ ਇਹ ਹੈ ਕਿ ਲੀਜ਼ਾ ਸੂ ਅਤੇ ਜੇਨਸਨ ਹੁਆਂਗ ਦੋਵੇਂ ਤਾਇਵਾਨ ਵਿੱਚ ਪੈਦਾ ਹੋਏ ਸਨ।

ਇੱਕ ਤਾਇਵਾਨੀ ਵੰਸ਼ਾਵਲੀ ਮਾਹਿਰ ਮੁਤਾਬਕ ਦੋਵੇਂ ਦੂਰ ਦੇ ਰਿਸ਼ਤੇਦਾਰ ਹਨ। ਹਾਲਾਂਕਿ, AMD ਅਤੇ Nvidia ਸਿੱਧੀਆਂ ਮੁਕਾਬਲੇਬਾਜ਼ ਕੰਪਨੀਆਂ ਹਨ, ਇਸ ਲਈ ਲੀਜ਼ਾ ਸੂ ਦੀ ਨਿਯੁਕਤੀ ਆਸਾਨ ਨਹੀਂ ਹੋਵੇਗੀ।

3. ਹੁਆਂਗ ਦਾ ਪਰਿਵਾਰ ਵੀ ਚਰਚਾ ਵਿੱਚ

ਜੇਨਸਨ ਹੁਆਂਗ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ CEO ਦੀ ਦੌੜ ਨਾਲ ਜੋੜੇ ਜਾ ਰਹੇ ਹਨ।

- ਉਨ੍ਹਾਂ ਦੀ 35 ਸਾਲਾ ਧੀ ਮੈਡੀਸਨ ਹੁਆਂਗ ਕੰਪਨੀ ਵਿੱਚ ਪ੍ਰੋਡਕਟ ਮਾਰਕੀਟਿੰਗ ਦੀ ਸੀਨੀਅਰ ਡਾਇਰੈਕਟਰ ਹੈ।

- ਉਨ੍ਹਾਂ ਦੇ ਜਵਾਈ ਨਿਕੋ ਕੈਪਰੇਜ਼ ਨੂੰ ਜਨਵਰੀ ਵਿੱਚ ਗਲੋਬਲ AI ਇਨਫਰਾਸਟਰੱਕਚਰ ਗ੍ਰੋਥ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ।

- ਉਨ੍ਹਾਂ ਦਾ ਪੁੱਤਰ ਸਪੈਂਸਰ ਵੀ ਕੰਪਨੀ ਦੇ ਰੋਬੋਟਿਕਸ ਵਿਭਾਗ ਵਿੱਚ ਕੰਮ ਕਰਦਾ ਹੈ।

The Information ਦੀ ਰਿਪੋਰਟ ਮੁਤਾਬਕ, ਹੁਆਂਗ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਗਲੀ ਜ਼ਿੰਮੇਵਾਰੀ ਲਈ ਤਿਆਰ ਕਰ ਰਹੇ ਸਨ। ਹਾਲਾਂਕਿ, ਇਨ੍ਹਾਂ ਨਾਵਾਂ ਨੂੰ ਫਿਲਹਾਲ ਸਿਰਫ਼ ਅਟਕਲਾਂ ਵਜੋਂ ਹੀ ਦੇਖਿਆ ਜਾ ਰਿਹਾ ਹੈ।

ਟਰੰਪ ਨੇ ਟਿਮ ਕੁੱਕ ਦਾ ਨਾਂ ਕਿਉਂ ਸੁਝਾਇਆ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social 'ਤੇ ਪੋਸਟ ਕਰਦਿਆਂ Apple ਦੇ ਟਿਮ ਕੁੱਕ ਦਾ ਨਾਂ Nvidia ਦੇ ਨਵੇਂ CEO ਵਜੋਂ ਸੁਝਾਇਆ।

ਟਰੰਪ ਨੇ ਲਿਖਿਆ ਕਿ ਜੇਨਸਨ ਹੁਆਂਗ ਦੀ ਥਾਂ ਲੈਣ ਲਈ ਸਿਰਫ਼ ਇੱਕ ਹੀ ਵਿਅਕਤੀ ਢੁੱਕਵਾਂ ਹੈ ਅਤੇ ਉਹ ਟਿਮ ਕੁੱਕ ਹਨ। ਉਨ੍ਹਾਂ ਨੇ ਕੁੱਕ ਨੂੰ ਇੱਕ ਮਹਾਨ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਇੱਕ ਮਹਾਨ ਵਿਅਕਤੀ ਦੀ ਥਾਂ ਦੂਜਾ ਮਹਾਨ ਵਿਅਕਤੀ ਲੈ ਸਕਦਾ ਹੈ।

ਮਾਹਿਰਾਂ ਮੁਤਾਬਕ ਟਰੰਪ ਦੇ ਇਸ ਸੁਝਾਅ ਪਿੱਛੇ ਤਿੰਨ ਵੱਡੇ ਕਾਰਨ ਹੋ ਸਕਦੇ ਹਨ।

1. ਟਰੰਪ ਅਤੇ ਕੁੱਕ ਦੀ ਨੇੜਤਾ: ਟਰੰਪ ਅਤੇ ਟਿਮ ਕੁੱਕ ਦੇ ਸਬੰਧ ਕਾਫ਼ੀ ਪੁਰਾਣੇ ਅਤੇ ਚੰਗੇ ਰਹੇ ਹਨ। ਟਰੰਪ ਕਈ ਵਾਰ ਕੁੱਕ ਦੀ ਤਾਰੀਫ਼ ਕਰ ਚੁੱਕੇ ਹਨ। ਮਾਹਿਰਾਂ ਮੁਤਾਬਕ ਇਹ ਸੁਝਾਅ ਕਿਸੇ ਵੱਡੇ ਮੁਲਾਂਕਣ ਦੀ ਬਜਾਏ ਉਨ੍ਹਾਂ ਦੇ ਨਿੱਜੀ ਸਬੰਧਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ।

2. ਸ਼ੇਅਰ ਬਾਜ਼ਾਰ ਨੂੰ ਸਥਿਰਤਾ ਦਾ ਸੰਕੇਤ: Nvidia ਅਮਰੀਕਾ ਦੀ ਆਰਥਿਕਤਾ ਅਤੇ AI ਖੇਤਰ ਵਿੱਚ ਸਰਕਾਰ ਦੀਆਂ ਯੋਜਨਾਵਾਂ ਲਈ ਬੇਹੱਦ ਮਹੱਤਵਪੂਰਨ ਹੈ। ਹੁਆਂਗ ਦੇ ਜਾਣ ਨਾਲ ਕੰਪਨੀ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਾ ਖ਼ਦਸ਼ਾ ਸੀ। ਅਜਿਹੇ ਵਿੱਚ ਟਿਮ ਕੁੱਕ ਵਰਗੇ ਜਾਣੇ-ਪਛਾਣੇ ਨਾਂ ਦਾ ਸੁਝਾਅ ਦੇ ਕੇ ਟਰੰਪ ਨਿਵੇਸ਼ਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹੋ ਸਕਦੇ ਹਨ।

3. ਹੁਆਂਗ ਦੇ ਵਿਵਾਦ 'ਤੇ ਟਰੰਪ ਦਾ ਰੁਖ: ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਹੁਆਂਗ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੂੰ ਲੱਗਿਆ ਕਿ ਹੁਆਂਗ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਇੱਕ ਮਹਿਲਾ ਜਾਸੂਸ ਨਾਲ ਜੁੜੇ ਮਾਮਲੇ ਦਾ ਵੀ ਜ਼ਿਕਰ ਕੀਤਾ। ਟਿਮ ਕੁੱਕ ਦਾ ਨਾਂ ਸੁਝਾਉਣਾ ਇਸ ਮਾਮਲੇ ਵਿੱਚ ਇੱਕ ਨਰਮ ਬਦਲਾਅ ਦਾ ਰਾਹ ਦਿਖਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।

© Copyright Galactic Television & Communications Pvt. Ltd. 2026. All rights reserved.