ਅਮਰੀਕਾ-ਇਰਾਨ ਜੰਗ ਖਤਮ: 19 ਜੂਨ ਨੂੰ ਹੋਵੇਗਾ ਸਮਝੌਤਾ, ਖੁੱਲ੍ਹੇਗਾ ਹੋਰਮੁਜ਼; ਟਰੰਪ ਦਾ ਵੱਡਾ ਬਿਆਨ!

By:  Lajwinder Kaur June 15th 2026 10:37 AM -- Updated: June 15th 2026 10:53 AM

ਅਮਰੀਕਾ ਅਤੇ ਇਰਾਨ ਐਤਵਾਰ ਨੂੰ ਜੰਗ ਖ਼ਤਮ ਕਰਨ ਲਈ ਸ਼ਾਂਤੀ ਸਮਝੌਤੇ 'ਤੇ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਇਰਾਨ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ। ਉੱਥੇ ਹੀ, ਇਰਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਨਾਲ ਕਈ ਮਹੀਨਿਆਂ ਤੱਕ ਚੱਲੀ ਲੰਬੀ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਡੀਲ ਭਾਵ ਐਮ.ਓ.ਯੂ. (MoU) ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਟਰੰਪ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ (ਜਲਡਮਰੂ ਮਾਰਗ) ਨੂੰ ਦੁਬਾਰਾ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਇਰਾਨੀ ਬੰਦਰਗਾਹਾਂ 'ਤੇ ਲਗਾਈ ਗਈ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ ਤੁਰੰਤ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, 'ਦੁਨੀਆ ਦੇ ਜਹਾਜ਼ੋ, ਆਪਣੇ ਇੰਜਣ ਚਾਲੂ ਕਰ ਲਵੋ। ਤੇਲ ਨੂੰ ਵਹਿਣ ਦਿਓ।'

19 ਜੂਨ ਦੋਵੇਂ ਦੇਸ਼ ਸ਼ਾਂਤੀ ਸਮਝੌਤੇ 'ਤੇ ਕਰਨਗੇ ਦਸਤਖਤ 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਦੋਵੇਂ ਦੇਸ਼ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰਨਗੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ 47 ਸਾਲਾਂ ਵਿੱਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਪਹਿਲੀ ਉੱਚ-ਪੱਧਰੀ ਬੈਠਕ ਹੋਵੇਗੀ।

ਇਰਾਨ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਦਾ ਪੂਰਾ ਦਸਤਾਵੇਜ਼ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਰਾਨੀ ਮੀਡੀਆ ਅਨੁਸਾਰ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤਾ ਪੱਤਰ (MoU) ਵਿੱਚ ਕੁਝ ਅਹਿਮ ਨੁਕਤੇ ਸ਼ਾਮਲ ਹਨ।

ਇਨ੍ਹਾਂ ਵਿੱਚ ਜੰਗ ਅਤੇ ਫ਼ੌਜੀ ਕਾਰਵਾਈਆਂ ਨੂੰ ਰੋਕਣਾ, ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣਾ, ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਹਟਾਉਣਾ, ਇਰਾਨ ਦੇ ਕੁਝ ਫਰੀਜ਼ ਕੀਤੇ ਗਏ ਫੰਡ ਜਾਰੀ ਕਰਨਾ, ਅਤੇ ਪ੍ਰਮਾਣੂ ਪ੍ਰੋਗਰਾਮ ਤੇ ਪਾਬੰਦੀਆਂ 'ਤੇ ਅਗਲੇ 60 ਦਿਨਾਂ ਦੀ ਗੱਲਬਾਤ ਦਾ ਢਾਂਚਾ ਤੈਅ ਕਰਨਾ ਸ਼ਾਮਲ ਹੈ।

ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਹੈ ਕਿ MoU 'ਤੇ ਦਸਤਖਤ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲੀ 60 ਦਿਨਾਂ ਦੀ ਅਮਰੀਕਾ-ਇਰਾਨ ਗੱਲਬਾਤ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਅਮਰੀਕਾ ਪਹਿਲਾਂ ਆਪਣੇ ਤਿੰਨ ਵਾਅਦੇ ਪੂਰੇ ਕਰਦਾ ਹੈ ਜਾਂ ਨਹੀਂ।

US ਨੂੰ ਤਿੰਨ ਕਦਮ ਚੁੱਕਣੇ ਹੋਣਗੇ

ਗਰੀਬਾਬਾਦੀ ਮੁਤਾਬਕ ਅਮਰੀਕਾ ਨੂੰ ਤਿੰਨ ਕਦਮ ਚੁੱਕਣੇ ਹੋਣਗੇ: 1. ਜਲ ਸੈਨਾ ਦੀ ਨਾਕਾਬੰਦੀ ਖਤਮ ਕਰਨਾ, 2. ਜੰਗ ਅਤੇ ਸਾਰੀਆਂ ਫ਼ੌਜੀ ਕਾਰਵਾਈਆਂ ਨੂੰ ਰੋਕਣਾ, 3. ਇਰਾਨ ਦੇ ਫ੍ਰੀਜ਼ ਕੀਤੇ ਫੰਡ ਜਾਰੀ ਕਰਨਾ।

ਸੀ.ਐੱਨ.ਐੱਨ. (CNN) ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਮਰੀਕਾ ਅਤੇ ਈਰਾਨ ਦੇ ਅਧਿਕਾਰੀ ਸਮਝੌਤੇ 'ਤੇ ਡਿਜੀਟਲ ਤਰੀਕੇ ਨਾਲ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਹਮੋ-ਸਾਹਮਣੇ ਬੈਠਕ ਕਰਨ ਵਿੱਚ ਸੁਰੱਖਿਆ ਅਤੇ ਪ੍ਰਬੰਧਾਂ ਨਾਲ ਜੁੜੀਆਂ ਕਈ ਮੁਸ਼ਕਲਾਂ ਆ ਸਕਦੀਆਂ ਹਨ। ਨਾਲ ਹੀ, ਅਜਿਹੀ ਬੈਠਕ ਨਾਲ ਗੱਲਬਾਤ ਦੇ ਵਿਚਕਾਰ ਰੁਕਣ ਜਾਂ ਸਮਝੌਤੇ ਦੇ ਟੁੱਟਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।

ਇੱਕ ਅਮਰੀਕੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਝੌਤਾ ਪੱਤਰ (MoU) 'ਤੇ ਦਸਤਖਤ ਹੋਣ ਤੋਂ ਬਾਅਦ ਗੱਲਬਾਤ ਦਾ 60 ਦਿਨਾਂ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਇਸ ਦੌਰਾਨ ਦੋਵੇਂ ਪੱਖ ਚਰਚਾ ਕਰਨਗੇ ਕਿ ਸਮਝੌਤੇ ਦੀਆਂ ਸ਼ਰਤਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਵਿਵਾਦਤ ਮੁੱਦਿਆਂ ਨੂੰ ਕਿਵੇਂ ਸੁਲਝਾਇਆ ਜਾਵੇ।

ਟਰੰਪ ਨੇ ਵਾਲ ਸਟਰੀਟ ਜਰਨਲ ਨੂੰ ਕਿਹਾ ਕਿ ਸਮਝੌਤੇ 'ਤੇ ਜਾਂ ਤਾਂ ਉਹ ਖੁਦ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਕਰਨਗੇ ਜਾਂ ਫਿਰ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵਿਅਕਤੀਗਤ ਤੌਰ 'ਤੇ ਉੱਥੇ ਪਹੁੰਚ ਕੇ ਦਸਤਖਤ ਕਰਨਗੇ। ਇਸ ਤੋਂ ਪਹਿਲਾਂ ਜੇ.ਡੀ. ਵੈਂਸ ਨੇ ਫੌਕਸ ਨਿਊਜ਼ ਨੂੰ ਕਿਹਾ ਸੀ ਕਿ ਜਿਨੇਵਾ ਵਿੱਚ ਹੋਣ ਵਾਲੇ ਸਮਾਗਮ ਨੂੰ ਲੈ ਕੇ ਅਜੇ ਕੰਮ ਚੱਲ ਰਿਹਾ ਹੈ। ਜੇਕਰ ਸਭ ਕੁਝ ਠੀਕ ਰਿਹਾ, ਤਾਂ ਉਹ ਖੁਦ ਉੱਥੇ ਜਾ ਸਕਦੇ ਹਨ, ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਵੀ ਉੱਥੇ ਜਾ ਸਕਦੇ ਹਨ।

Related Post

ਟਰੰਪ ਦੀ ਡੀਲ 'ਤੇ ਇਰਾਨ ਦਾ ਪਲਟਵਾਰ; ਬੋਲੇ- 'ਕੋਈ ਸਮਝੌਤਾ ਨਹੀਂ ਹੋਇਆ'
ਕੈਨੇਡਾ ‘ਚ ਸ਼ਹੀਦ ਹੋਇਆ ਪੰਜਾਬੀ ਮੂਲ ਦਾ ਪੁਲਿਸ ਅਫਸਰ, ਫਰਾਰ ਨੌਜਵਾਨ ਨੇ ਗੱਡੀ ਹੇਠ ਦਰੜ੍ਹਿਆ, ਇਲਾਜ ਦੌਰਾਨ ਤੋੜਿਆ ਦਮ, ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ
ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ; ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਨੇ ਬਹਿਰੀਨ ਸਥਿਤ ਅਮਰੀਕੀ ਬੇਸ 'ਤੇ ਕੀਤਾ ਜਵਾਬੀ ਹਮਲਾ
ਇਰਾਨ-ਇਜ਼ਰਾਈਲ ‘ਚ ਦੋ ਮਹੀਨੇ ਬਾਅਦ ਮੁੜ ਜੰਗ: ਇਰਾਨ ਨੇ ਤੇਲ ਅਵੀਵ 'ਤੇ ਦਾਗੀਆਂ ਮਿਜ਼ਾਈਲਾਂ, ਇਜ਼ਰਾਈਲ ਨੇ ਤਹਿਰਾਨ ਤੇ ਤਬਰੀਜ਼ ਨੂੰ ਬਣਾਇਆ ਨਿਸ਼ਾਨਾ
ਐਮਰਜੈਂਸੀ ਲੈਂਡਿੰਗ ਦੌਰਾਨ ਪ੍ਰਾਈਵੇਟ ਜੈੱਟ ਕਰੈਸ਼; ਰਨਵੇਅ 'ਤੇ ਬਣਿਆ ਅੱਗ ਦਾ ਗੋਲਾ, 2 ਦੀ ਮੌਤ, ਦੇਖੋ ਖੌਫਨਾਕ ਵੀਡੀਓ
ਫਿਲੀਪੀਨਜ਼ ‘ਚ 7.8 ਤੀਬਰਤਾ ਦਾ ਭੂਚਾਲ; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਪੈ ਗਿਆ ਚੀਕ-ਚਿਹਾੜਾ, ਦੇਖੋ ਰੂਹ ਕੰਬਾਊ ਵੀਡੀਓਜ਼

© Copyright Galactic Television & Communications Pvt. Ltd. 2026. All rights reserved.