‘ਮੇਡੇ, ਮੇਡੇ’, ਪਾਇਲਟ ਦੇ ਆਖਰੀ ਸ਼ਬਦ, 32 ਹਜ਼ਾਰ ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਜ਼ਮੀਨ ਨਾਲ ਟਕਰਾਇਆ ਜਹਾਜ਼, ਕੈਮਰੇ 'ਚ ਕੈਦ ਹੋਇਆ ਖੌਫਨਾਕ ਮੰਜ਼ਰ

ਅਮਰੀਕਾ ਦੇ ਫਲੋਰੀਡਾ ਸੂਬੇ ਦੇ ਗ੍ਰੀਨਏਕਰਸ ਵਿੱਚ ਐਤਵਾਰ (1 ਨਵੰਬਰ 2026) ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਲੀਅਰਜੈੱਟ 60 (Learjet 60) ਨਾਮ ਦਾ ਨਿੱਜੀ ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਮਿਜ਼ਾਈਲ ਵਾਂਗ ਆ ਕੇ ਡਿੱਗਿਆ।

By:  Lajwinder Kaur November 2nd 2026 02:21 PM -- Updated: November 2nd 2026 02:36 PM

ਅਮਰੀਕਾ ਦੇ ਫਲੋਰੀਡਾ ਸੂਬੇ ਦੇ ਗ੍ਰੀਨਏਕਰਸ ਵਿੱਚ ਐਤਵਾਰ (1 ਨਵੰਬਰ 2026) ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਲੀਅਰਜੈੱਟ 60 (Learjet 60) ਨਾਮ ਦਾ ਨਿੱਜੀ ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਮਿਜ਼ਾਈਲ ਵਾਂਗ ਆ ਕੇ ਡਿੱਗਿਆ। ਇਸ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਪਹਿਲਾਂ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਪਾਇਲਟ ਅਤੇ ਜਹਾਜ਼ ਵਿੱਚ ਸਵਾਰ ਲੋਕ ਮਦਦ ਲਈ ਚੀਕਦੇ ਸੁਣਾਈ ਦੇ ਰਹੇ ਹਨ।

ਰਿਕਾਰਡਿੰਗ ਮੁਤਾਬਕ, ਹਾਦਸੇ ਤੋਂ ਕੁਝ ਪਲ ਪਹਿਲਾਂ ਪਾਇਲਟ ਨੇ ਕਿਹਾ, ''ਅਸੀਂ 8,000 ਫੁੱਟ ਹੇਠਾਂ ਜਾ ਰਹੇ ਹਾਂ। ਮੇਡੇ, ਮੇਡੇ। ਅਸੀਂ 10,000 ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹੇਠਾਂ ਡਿੱਗ ਰਹੇ ਹਾਂ। ਅਸੀਂ ਓਵਰਸਪੀਡ ਦੀ ਸਥਿਤੀ ਵਿੱਚ ਹਾਂ ਅਤੇ 20,000 ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹੇਠਾਂ ਆ ਰਹੇ ਹਾਂ। ਅਸੀਂ ਜ਼ਮੀਨ ਨਾਲ ਟਕਰਾਉਣ ਵਾਲੇ ਹਾਂ।''

ਇਸ ਦੌਰਾਨ ਜਹਾਜ਼ ਵਿੱਚ ਮੌਜੂਦ ਇੱਕ ਮਹਿਲਾ ਕਰੂ ਮੈਂਬਰ ਵੀ ਚੀਕਦੀ ਹੋਈ ਕਹਿੰਦੀ ਹੈ, ''ਹੇ ਭਗਵਾਨ! ਸਾਡੇ ਕੋਲ ਸਮਾਂ ਨਹੀਂ ਬਚਿਆ।'' ਇਸ ਤੋਂ ਕੁਝ ਹੀ ਪਲ ਬਾਅਦ ਜਹਾਜ਼ ਸਿੱਧਾ ਜ਼ਮੀਨ ਨਾਲ ਜਾ ਟਕਰਾਇਆ।

ਕਿੱਥੇ ਜਾ ਰਿਹਾ ਸੀ ਜਹਾਜ਼?

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਲੀਅਰਜੈੱਟ 60 ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਇਹ ਬਹਾਮਾਸ ਦੇ ਨਾਰਥ ਐਲੇਉਥੇਰਾ ਜਾ ਰਿਹਾ ਸੀ। ਜਹਾਜ਼ 35,000 ਫੁੱਟ ਦੀ ਉਚਾਈ 'ਤੇ ਪੂਰਬ ਵੱਲ ਜਾ ਰਿਹਾ ਸੀ, ਜਦੋਂ ਪਾਇਲਟਾਂ ਨੇ ਹਵਾ ਵਿੱਚ ਤੇਜ਼ ਉਥਲ-ਪੁਥਲ (ਟਰਬੂਲੈਂਸ), ਜਹਾਜ਼ 'ਤੇ ਬਰਫ਼ ਜੰਮਣ ਅਤੇ ਮੀਂਹ ਜਾਂ ਬਰਫ਼ਬਾਰੀ ਦੀ ਸੂਚਨਾ ਦਿੱਤੀ। ਉਨ੍ਹਾਂ ਨੇ 2,000 ਫੁੱਟ ਹੋਰ ਉੱਪਰ ਜਾਣ ਦੀ ਇਜਾਜ਼ਤ ਵੀ ਮੰਗੀ ਸੀ।

32 ਹਜ਼ਾਰ ਫੁੱਟ ਪ੍ਰਤੀ ਮਿੰਟ ਤੋਂ ਵੱਧ ਦੀ ਰਫ਼ਤਾਰ ਨਾਲ ਡਿੱਗਿਆ ਜਹਾਜ਼

ਫਲਾਈਟ ਡੇਟਾ ਮੁਤਾਬਕ, ਜਹਾਜ਼ ਪਹਿਲਾਂ 10,000 ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹੇਠਾਂ ਆਇਆ। ਇਸ ਤੋਂ ਬਾਅਦ ਡਿੱਗਣ ਦੀ ਰਫ਼ਤਾਰ ਵਧ ਕੇ 20,000 ਫੁੱਟ ਪ੍ਰਤੀ ਮਿੰਟ ਹੋ ਗਈ ਅਤੇ ਆਖਰੀ ਸਮੇਂ ਇਹ 30,000 ਫੁੱਟ ਪ੍ਰਤੀ ਮਿੰਟ ਤੋਂ ਵੀ ਵੱਧ ਹੋ ਗਈ। ਜ਼ਮੀਨ ਵੱਲ ਡਿੱਗਣ ਤੋਂ ਪਹਿਲਾਂ ਜਹਾਜ਼ ਸੱਜੇ ਪਾਸੇ ਵੀ ਮੁੜਿਆ ਸੀ।

ਬਾਅਦ ਵਿੱਚ ਸਾਹਮਣੇ ਆਏ ਫਲਾਈਟ ਡੇਟਾ ਤੋਂ ਪਤਾ ਲੱਗਾ ਕਿ ਜਹਾਜ਼ ਦੇ ਡਿੱਗਣ ਦੀ ਰਫ਼ਤਾਰ 32,000 ਫੁੱਟ ਪ੍ਰਤੀ ਮਿੰਟ ਤੋਂ ਵੀ ਵੱਧ ਸੀ। ਜਹਾਜ਼ ਦਾ ਆਖਰੀ ਸਿਗਨਲ ਲਗਭਗ 8,750 ਫੁੱਟ ਦੀ ਉਚਾਈ 'ਤੇ ਰਿਕਾਰਡ ਕੀਤਾ ਗਿਆ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.