ਕੈਨੇਡਾ ‘ਚ ਫਿ'ਰੌਤੀ ਮਾਮਲੇ ’ਚ ਪੰਜਾਬੀ ਔਰਤ ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ’ਤੇ ਚਲਵਾਈਆਂ ਗੋਲੀਆਂ

ਕੈਨੇਡਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਮੂਲ ਦੀ ਮਹਿਲਾ ਨੂੰ ਫਿਰੌਤੀ ਮਾਮਲੇ ਵਿੱਚ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ, ਹਾਲਾਂਕਿ ਕੈਲਗਰੀ ਪੁਲਿਸ ਨੇ ਉਸਨੂੰ ਹੁਣ ਰਿਹਾਅ ਕਰ ਦਿੱਤਾ ਹੈ ਅਤੇ ਉਸਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਕਨਪ੍ਰੀਤ ਕੌਰ ਨਾਮ ਦੀ ਇਸ ਪੰਜਾਬੀ ਮਹਿਲਾ ਨੇ ਹੀ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੀੜਤ ਮਹਿਲਾ ਦੇ ਘਰ ਦਾ ਪਤਾ ਅਤੇ ਉਸਦੀ ਪਛਾਣ ਦੱਸੀ ਸੀ

By:  Lajwinder Kaur September 14th 2026 12:12 PM -- Updated: September 14th 2026 12:41 PM

ਕੈਨੇਡਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਮੂਲ ਦੀ ਮਹਿਲਾ ਨੂੰ ਫਿਰੌਤੀ ਮਾਮਲੇ ਵਿੱਚ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ, ਹਾਲਾਂਕਿ ਕੈਲਗਰੀ ਪੁਲਿਸ ਨੇ ਉਸਨੂੰ ਹੁਣ ਰਿਹਾਅ ਕਰ ਦਿੱਤਾ ਹੈ ਅਤੇ ਉਸਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਕਨੂਰੀਤ ਕੌਰ ਨਾਮ ਦੀ ਇਸ ਪੰਜਾਬੀ ਮਹਿਲਾ ਨੇ ਹੀ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੀੜਤ ਮਹਿਲਾ ਦੇ ਘਰ ਦਾ ਪਤਾ ਅਤੇ ਉਸਦੀ ਪਛਾਣ ਦੱਸੀ ਸੀ। ਕੈਲਗਰੀ ਪੁਲਿਸ ਦੇ ਮੁਤਾਬਕ, ਫਿਰੌਤੀ ਦੇ ਇਸ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ 25 ਮਾਰਚ ਨੂੰ ਪੀੜਤ ਮਹਿਲਾ ਦੇ ਵ੍ਹੱਟਸਐਪ 'ਤੇ ਇੱਕ ਅਗਿਆਤ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਆਇਆ ਸੀ।

ਇੰਝ ਪੀੜਤ ਦੇ ਘਰ ਤੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪੁਲਿਸ ਦੇ ਮੁਤਾਬਕ, ਪੀੜਤ ਮਹਿਲਾ ਤੋਂ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ, ਹਾਲਾਂਕਿ ਕਿੰਨੀ ਰਕਮ ਮੰਗੀ ਗਈ ਸੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੋਸ਼ੀਆਂ ਕੋਲ ਮਹਿਲਾ ਦਾ ਨਾਂ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਨਾਲ ਜੁੜੀ ਗੁਪਤ ਜਾਣਕਾਰੀ ਪਹਿਲਾਂ ਹੀ ਮੌਜੂਦ ਸੀ। ਧਮਕੀ ਮਿਲਣ ਤੋਂ ਕਰੀਬ 12 ਘੰਟੇ ਬਾਅਦ ਹੀ ਬਦਮਾਸ਼ਾਂ ਨੇ ਮਹਿਲਾ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

4 ਮਹੀਨਿਆਂ ਵਿੱਚ ਫਿਰੌਤੀ ਦੇ 51 ਕੇਸ ਦਰਜ

ਸਥਾਨਕ ਪੁਲਿਸ (CPS) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿੱਚ ਰੰਗਦਾਰੀ (ਫਿਰੌਤੀ) ਦੇ 51 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 19 ਕੇਸ ਸਿੱਧੇ ਤੌਰ 'ਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ। ਪੁਲਿਸ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ 19 ਦੋਸ਼ੀਆਂ 'ਤੇ 59 ਵੱਖ-ਵੱਖ ਦੋਸ਼ (ਚਾਰਜ) ਲਗਾ ਚੁੱਕੀ ਹੈ। ਸਥਾਨਕ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਨਾਲ ਜੁੜੀ ਕੋਈ ਵੀ ਕਾਲ ਜਾਂ ਮੈਸੇਜ ਆਉਂਦਾ ਹੈ, ਤਾਂ ਉਹ ਘਬਰਾ ਕੇ ਪੈਸੇ ਨਾ ਦੇਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਪੁਲਿਸ ਦੇ ਮੁਤਾਬਕ ਇਸ ਮਾਮਲੇ ਦੀ ਜਾਂਚ 25 ਮਾਰਚ ਤੋਂ ਸ਼ੁਰੂ ਹੋਈ ਸੀ, ਜਦੋਂ ਪੀੜਤ ਮਹਿਲਾ ਨੂੰ ਇੱਕ ਅਗਿਆਤ ਨੰਬਰ ਤੋਂ ਪੈਸੇ ਮੰਗਣ ਵਾਲੇ ਵ੍ਹੱਟਸਐਪ ਟੈਕਸਟ ਅਤੇ ਵੌਇਸ ਮੈਸੇਜ ਆਉਣੇ ਸ਼ੁਰੂ ਹੋ ਗਏ ਸਨ। ਦੋਸ਼ੀ ਨੇ ਮਹਿਲਾ ਨਾਲ ਲਗਾਤਾਰ ਸੰਪਰਕ ਕਰਕੇ ਉਸਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ। ਮੈਸੇਜ ਭੇਜੇ ਜਾਣ ਦੇ ਸਿਰਫ਼ 12 ਘੰਟਿਆਂ ਦੇ ਅੰਦਰ ਹੀ ਬਦਮਾਸ਼ਾਂ ਨੇ ਮਹਿਲਾ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਹਾਲਾਂਕਿ, ਇਸ ਗੋਲੀਬਾਰੀ ਵਿੱਚ ਕੋਈ ਵੀ ਜਾਨੀ ਨੁਕਸਾਨ ਜਾਂ ਜ਼ਖ਼ਮੀ ਨਹੀਂ ਹੋਇਆ ਸੀ।

ਇਸ ਮਾਮਲੇ ਵਿੱਚ ਕਾਰਵਾਈ ਕੀਤੇ ਗਏ 3 ਪੰਜਾਬੀ ਵਿਅਕਤੀ:

ਨਾਬਾਲਗ (ਪਛਾਣ ਗੁਪਤ): ਘਟਨਾ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਡਿਜੀਟਲ ਸਬੂਤਾਂ ਦੇ ਆਧਾਰ 'ਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਦੋਸ਼ੀਆਂ ਦੀ ਪਛਾਣ ਕੀਤੀ। ਪੀੜਤਾ ਅਤੇ ਧਮਕੀ ਦੇਣ ਵਾਲਿਆਂ ਵਿਚਕਾਰ ਗੱਲਬਾਤ ਕਰਾਉਣ ਦੇ ਦੋਸ਼ ਵਿੱਚ 29 ਜੁਲਾਈ ਨੂੰ 17 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕਰਕੇ ਰੰਗਦਾਰੀ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। 'ਯੂਥ ਕ੍ਰਿਮੀਨਲ ਜਸਟਿਸ ਐਕਟ' ਤਹਿਤ ਉਸ ਦੀ ਪਛਾਣ ਗੁਪਤ ਰੱਖੀ ਗਈ ਹੈ।

ਕਨੂਰੀਤ ਕੌਰ (ਚੈਸਟਰਮੀਅਰ ਨਿਵਾਸੀ): ਚੈਸਟਰਮੀਅਰ ਦੀ ਰਹਿਣ ਵਾਲੀ ਕਨੂਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਪੀੜਤਾ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਜਿਸ ਨਾਲ ਬਾਕੀ ਸ਼ੱਕੀਆਂ ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਡਰਾਉਣ ਵਿੱਚ ਮਦਦ ਮਿਲੀ। ਉਸ ਨੂੰ ਵੀ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ 6 ਅਕਤੂਬਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। 

ਤਨਵੀਰ ਸਿੰਘ (ਕੈਲਗਰੀ ਨਿਵਾਸੀ): ਪੁਲਿਸ ਨੂੰ ਕੈਲਗਰੀ ਦੇ ਰਹਿਣ ਵਾਲੇ ਤਨਵੀਰ ਸਿੰਘ ਦੀ ਤਲਾਸ਼ ਹੈ। ਉਸ 'ਤੇ 5,000 ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦੀ ਗੱਡੀ ਰੱਖਣ ਦਾ ਵਾਰੰਟ ਜਾਰੀ ਹੈ, ਜਿਸ ਦੀ ਵਰਤੋਂ ਗੋਲੀਬਾਰੀ ਦੌਰਾਨ ਕੀਤੀ ਗਈ ਸੀ।

© Copyright Galactic Television & Communications Pvt. Ltd. 2026. All rights reserved.