ਫਿਲੀਪੀਨਜ਼ ‘ਚ 7.8 ਤੀਬਰਤਾ ਦਾ ਭੂਚਾਲ; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਪੈ ਗਿਆ ਚੀਕ-ਚਿਹਾੜਾ, ਦੇਖੋ ਰੂਹ ਕੰਬਾਊ ਵੀਡੀਓਜ਼
ਸੋਮਵਾਰ ਸਵੇਰੇ ਫਿਲੀਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ ਹੈ। ਇਸ ਭਿਆਨਕ ਝਟਕੇ ਤੋਂ ਬਾਅਦ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੇ ਕੁਝ ਹਿੱਸਿਆਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਅਤੇ ਉੱਚੇ ਸਥਾਨਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ।
ਭੂਚਾਲ ਦੇ ਹੈਰਾਨ ਕਰਨ ਵਾਲੇ ਦ੍ਰਿਸ਼
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ ਅਨੁਸਾਰ, ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇੰਨੀ ਜ਼ਿਆਦਾ ਤੀਬਰਤਾ ਹੋਣ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਭਾਰੀ ਨੁਕਸਾਨ ਦੇ ਹੈਰਾਨ ਕਰਨ ਵਾਲੇ ਦ੍ਰਿਸ਼ ਸਾਹਮਣੇ ਆ ਰਹੇ ਹਨ।
ਸ਼ੁਰੂਆਤ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 8.2 ਮਾਪੀ ਗਈ ਸੀ, ਪਰ ਬਾਅਦ ਵਿੱਚ ਜਰਮਨ ਏਜੰਸੀ ਨੇ ਅੰਕੜਿਆਂ ਵਿੱਚ ਸੋਧ ਕਰਦਿਆਂ ਇਸਨੂੰ 7.8 ਦੱਸਿਆ। ਭੂਚਾਲ ਦਾ ਕੇਂਦਰ ਜ਼ਮੀਨ ਦੇ ਕਾਫ਼ੀ ਨੇੜੇ ਹੋਣ ਕਰਕੇ ਝਟਕੇ ਬਹੁਤ ਜ਼ੋਰਦਾਰ ਮਹਿਸੂਸ ਕੀਤੇ ਗਏ। ਤੇਜ਼ ਕੰਬਣੀ ਮਹਿਸੂਸ ਹੁੰਦੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੀ ਸੁਰੱਖਿਆ ਲਈ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ਵੱਲ ਭੱਜੇ। ਕਈ ਇਮਾਰਤਾਂ ਨੁਕਸਾਨੀ ਗਈਆਂ ਹਨ ਅਤੇ ਕਈ ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ, ਪਰ ਅਜੇ ਅੰਕੜੇ ਸਾਹਮਣੇ ਨਹੀਂ ਆਏ ਹਨ। ਭੂਚਾਲ ਦੀਆਂ ਕਈ ਖੌਫਨਾਕ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਫਿਲੀਪੀਨਜ਼ ਦੇ ਜਨਰਲ ਸੈਂਟੋਸ (Gensan) ਸ਼ਹਿਰ ਵਿੱਚ 7.8 ਤੀਬਰਤਾ ਦੇ ਭੂਚਾਲ ਕਾਰਨ ਇੱਕ ਪਲਾਜ਼ਾ ਦੀ ਇਮਾਰਤ ਡਿੱਗ ਗਈ ਹੈ, ਜਿਸ ਵਿੱਚ ਇੱਕ 'ਜੌਲੀਬੀ' (Jollibee) ਰੈਸਟੋਰੈਂਟ ਵੀ ਸਥਿਤ ਸੀ। ਫਿਲਹਾਲ ਜ਼ਖਮੀਆਂ ਜਾਂ ਜਾਨੀ ਨੁਕਸਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਭੂਚਾਲ ਤੋਂ ਬਾਅਦ, ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਖ਼ਤਰਾ ਜਤਾਉਂਦਿਆਂ ਚੇਤਾਵਨੀ ਜਾਰੀ ਕੀਤੀ ਕਿ ਖ਼ਤਰਨਾਕ ਲਹਿਰਾਂ ਇਲਾਕੇ ਦੇ ਤੱਟਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਤੋਂ ਬਾਅਦ ਇੰਡੋਨੇਸ਼ੀਆ ਦੀ ਜੀਓਫਿਜ਼ਿਕਸ ਏਜੰਸੀ ਨੇ ਦੇਸ਼ ਦੇ ਉੱਤਰ-ਪੂਰਬੀ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਨਿਵਾਸੀਆਂ ਨੂੰ ਸੁਚੇਤ ਰਹਿਣ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਸੁਨਾਮੀ ਵਾਰਨਿੰਗ ਜਾਰੀ
ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਉੱਚੇ ਸਥਾਨਾਂ 'ਤੇ ਚਲੇ ਜਾਣ, ਕਿਉਂਕਿ ਸਮਾਨ ਨਾਲੋਂ ਜ਼ਿੰਦਗੀ ਜ਼ਿਆਦਾ ਕੀਮਤੀ ਹੈ।
ਇੰਡੋਨੇਸ਼ੀਆ ਦੀ ਰਾਸ਼ਟਰੀ ਮੌਸਮ ਏਜੰਸੀ ਨੇ 'X' 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਨੀਓ ਟਾਪੂ 'ਤੇ ਸਥਿਤ ਕਾਲੀਮੰਤਨ ਅਤੇ ਸੁਲਾਵੇਸੀ ਦੇ ਕੁਝ ਹਿੱਸਿਆਂ ਸਮੇਤ ਕਈ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਤਿੰਨ ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦਾ ਖਦਸ਼ਾ ਹੈ।