Republic of Ireland 'ਚ ਫਿਊਲ ਸੰਕਟ: ਟਰੱਕਾਂ ਤੇ ਟ੍ਰੈਕਟਰਾਂ ਨਾਲ ਸੜਕਾਂ ਜਾਮ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤਾ ਐਕਸ਼ਨ
ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਘਰਸ਼ ਕਾਰਨ ਆਇਰਲੈਂਡ ਵਿੱਚ ਹਾਲਾਤ ਕਾਫੀ ਨਾਜ਼ੁਕ ਬਣ ਗਏ ਹਨ, ਜਿਸ ਦਾ ਸਭ ਤੋਂ ਵੱਡਾ ਅਸਰ ਤੇਲ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਆਇਰਲੈਂਡ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਦੇਸ਼ ਦੇ ਕਈ ਪੈਟਰੋਲ ਪੰਪ ਪੂਰੀ ਤਰ੍ਹਾਂ ਸੁੱਕ ਗਏ ਹਨ ਅਤੇ ਉੱਥੇ ਤੇਲ ਦਾ ਸਟਾਕ ਖ਼ਤਮ ਹੋ ਗਿਆ ਹੈ। ਇਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਤੇਲ ਦੀ ਕਿੱਲਤ ਨੇ ਲੋਕਾਂ ਵਿੱਚ ਚਿੰਤਾ ਤੇ ਗੁੱਸਾ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਥਾਂ-ਥਾਂ ਪ੍ਰਦਰਸ਼ਨ ਵੀ ਹੋ ਰਹੇ ਹਨ।
ਪ੍ਰਦਰਸ਼ਨ ਨੇ ਧਾਰਿਆ ਗੰਭੀਰ ਰੂਪ
ਰਿਪਬਲਿਕ ਆਫ ਆਇਰਲੈਂਡ (Republic of Ireland) ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਭੜਕੇ ਪ੍ਰਦਰਸ਼ਨ ਹੁਣ ਗੰਭੀਰ ਰੂਪ ਧਾਰ ਚੁੱਕੇ ਹਨ, ਜਿੱਥੇ ਪਿਛਲੇ ਪੰਜ ਦਿਨਾਂ ਤੋਂ ਟਰੱਕਾਂ ਅਤੇ ਟ੍ਰੈਕਟਰਾਂ ਰਾਹੀਂ ਮੁੱਖ ਫਿਊਲ ਡਿੱਪੂਆਂ, ਬੰਦਰਗਾਹਾਂ ਅਤੇ ਤੇਲ ਰਿਫਾਇਨਰੀਆਂ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਪੰਪ ਸੁੱਕ ਗਏ ਹਨ ਅਤੇ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਡਬਲਿਨ (Dublin) ਦੇ ਆਲੇ-ਦੁਆਲੇ ਹਾਲਾਤ ਸਭ ਤੋਂ ਵੱਧ ਤਣਾਅਪੂਰਨ ਰਹੇ, ਜਿੱਥੇ ਮੁੱਖ ਹਾਈਵੇਅ ਦੇ ਕਈ ਹਿੱਸੇ ਬੰਦ ਕਰਨੇ ਪਏ ਅਤੇ ਸੜਕਾਂ 'ਤੇ ਭਾਰੀ ਜਾਮ ਲੱਗੇ ਰਹੇ। ਇਸ ਦੌਰਾਨ ਪੁਲਿਸ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਦੇਸ਼ ਦੀ ਇਕੱਲੀ ਤੇਲ ਰਿਫਾਇਨਰੀ ਸਮੇਤ ਕਈ ਅਹਿਮ ਥਾਵਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਗਿਆ ਅਤੇ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਇਰਿਸ਼ ਪੁਲਿਸ ਕਮਿਸ਼ਨਰ Justin Kelly ਨੇ ਕਿਹਾ ਕਿ ਇਹ ਪ੍ਰਦਰਸ਼ਨ ਗੈਰ-ਕਾਨੂੰਨੀ ਹਨ ਅਤੇ ਜਨਤਾ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ, ਕਿਉਂਕਿ ਫਿਊਲ ਦੀ ਕਮੀ ਕਾਰਨ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਵਿਸ਼ਵ ਪੱਧਰ 'ਤੇ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸਦਾ ਸਿੱਧਾ ਅਸਰ ਆਇਰਲੈਂਡ 'ਤੇ ਵੇਖਣ ਨੂੰ ਮਿਲ ਰਿਹਾ ਹੈ ਅਤੇ ਸਰਕਾਰ ਲਈ ਹਾਲਾਤਾਂ ਨੂੰ ਕਾਬੂ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ।