ਕਤਰ ਦੇ ਗੈਸ ਪਲਾਂਟ ‘ਚ ਧਮਾਕਾ: 54 ਲੋਕ ਜ਼ਖ਼ਮੀ, 18 ਲਾਪਤਾ ਦੀ ਭਾਲ ਜਾਰੀ

By:  Lajwinder Kaur June 22nd 2026 10:29 AM -- Updated: June 22nd 2026 10:51 AM

ਕਤਰ ਦੇ ਮੁੱਖ ਕੁਦਰਤੀ ਗੈਸ (Qatar Gas Plant) ਨਿਰਯਾਤ ਟਰਮੀਨਲ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਲੱਗੀ ਅੱਗ ਵਿੱਚ 54 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਅਤੇ 18 ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਇਹ ਗੈਸ ਪਲਾਂਟ ਇਰਾਨ ਯੁੱਧ ਦੌਰਾਨ ਹੋਏ ਹਮਲੇ ਵਿੱਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਐਤਵਾਰ ਨੂੰ ਜਦੋਂ ਮੁਰੰਮਤ ਤੋਂ ਬਾਅਦ ਇਸ ਪਲਾਂਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਇਹ ਧਮਾਕਾ ਹੋ ਗਿਆ। ਇਹ ਘਟਨਾ ਰਾਸ ਲਾਫਾਨ ਉਦਯੋਗਿਕ ਖੇਤਰ ਵਿੱਚ ਵਾਪਰੀ, ਜੋ ਕਿ ਕਤਰ ਦੇ ਕੁਦਰਤੀ ਗੈਸ (Natural gas) ਉਦਯੋਗ ਦਾ ਮੁੱਖ ਕੇਂਦਰ ਹੈ। ਕਤਰ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਉਤਪਾਦਕਾਂ ਵਿੱਚੋਂ ਇੱਕ ਹੋਣ ਕਾਰਨ, ਇਸ ਘਟਨਾ ਨਾਲ ਵਿਸ਼ਵ ਊਰਜਾ ਬਾਜ਼ਾਰਾਂ ਵਿੱਚ ਹੋਰ ਅਸਥਿਰਤਾ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

 ਮੁੜ ਟਰਮੀਨਲ ਨੂੰ ਕੀਤਾ ਚਾਲੂ ਪਰ ਹੋਇਆ....

ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਸ਼ਾਂਤੀ ਕੋਸ਼ਿਸ਼ਾਂ ਦਰਮਿਆਨ ਕਤਰ ਨੇ ਗੈਸ ਉਤਪਾਦਨ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਰਾਨ ਵੱਲੋਂ ਹਰਮੁਜ਼ ਜਲਡਮਰੂਮੱਧ (Strait of Hormuz) 'ਤੇ ਸਖ਼ਤ ਨਿਯੰਤਰਣ ਕਾਰਨ ਕਤਰ ਆਪਣੇ ਗਾਹਕਾਂ ਨੂੰ ਗੈਸ ਨਹੀਂ ਭੇਜ ਪਾ ਰਿਹਾ ਸੀ, ਜਿਸ ਕਰਕੇ ਉਸਨੇ ਅਸਥਾਈ ਤੌਰ 'ਤੇ ਉਤਪਾਦਨ ਬੰਦ ਕਰ ਦਿੱਤਾ ਸੀ। ਹਾਲਾਂਕਿ, ਯੁੱਧ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ਦੌਰਾਨ ਇਰਾਨ ਵੱਲੋਂ ਜਲਡਮਰੂਮੱਧ 'ਤੇ ਆਪਣੀ ਪਕੜ ਕੁਝ ਢਿੱਲੀ ਕਰਨ ਤੋਂ ਬਾਅਦ, ਕਤਰ ਨੇ ਆਪਣੇ ਨਿਰਯਾਤ ਟਰਮੀਨਲ ਨੂੰ ਮੁੜ ਚਾਲੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਐਤਵਾਰ ਰਾਤ ਇਸੇ ਪ੍ਰਕਿਰਿਆ ਦੌਰਾਨ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ, ਜਿਸਦੀ ਪੁਸ਼ਟੀ ਸਰਕਾਰੀ ਮਾਲਕੀ ਵਾਲੀ ਕੰਪਨੀ 'ਕਤਰ ਐਨਰਜੀ' ਨੇ ਕੀਤੀ ਹੈ।

ਇੰਨੇ ਲੋਕ ਹੋਏ ਜ਼ਖਮੀ

ਧਮਾਕੇ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੁੱਢਲੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਸਿਰਫ਼ ਕੁਝ ਹੀ ਲੋਕ ਜ਼ਖ਼ਮੀ ਹੋਏ ਹਨ। ਹਾਲਾਂਕਿ, ਕਈ ਘੰਟਿਆਂ ਬਾਅਦ ਕਤਰ ਦੇ ਗ੍ਰਹਿ ਮੰਤਰਾਲੇ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ ਖੁਲਾਸਾ ਕੀਤਾ ਕਿ ਇਸ ਹਾਦਸੇ ਵਿੱਚ 54 ਲੋਕ ਜ਼ਖ਼ਮੀ ਹੋਏ ਹਨ।

© Copyright Galactic Television & Communications Pvt. Ltd. 2026. All rights reserved.