Venezuela Earthquake: ਵੈਨੇਜ਼ੁਏਲਾ 7.2 ਅਤੇ 7.5 ਤੀਬਰਤਾ ਵਾਲੇ ਆਏ ਦੋ ਭੂਚਾਲਾਂ ਨੇ ਮਚਾਈ ਤਬਾਹੀ, 10,000 ਮੌਤਾਂ ਦਾ ਖਦਸ਼ਾ, ਦੇਸ਼ ‘ਚ ਐਮਰਜੈਂਸੀ...
ਵੈਨੇਜ਼ੁਏਲਾ (Venezuela) ਵਿੱਚ ਇੱਕ ਮਿੰਟ ਦੇ ਅੰਦਰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ (Earthquakes ) ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇਨ੍ਹਾਂ ਝਟਕਿਆਂ ਕਾਰਨ ਸੈਂਕੜੇ ਇਮਾਰਤਾਂ ਮਿੱਟੀ ਵਿੱਚ ਮਿਲ ਗਈਆਂ ਹਨ ਅਤੇ ਹਵਾਈ ਅੱਡੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਰਾਜਧਾਨੀ ਕਾਰਾਕਸ ਸਮੇਤ ਦੇਸ਼ ਦੇ ਕਈ ਸ਼ਹਿਰਾਂ ਤੋਂ ਸਾਹਮਣੇ ਆ ਰਹੀਆਂ ਵੀਡੀਓਜ਼ ਵਿੱਚ ਤਬਾਹੀ ਦਾ ਖੌਫ਼ਨਾਕ ਮੰਜ਼ਰ ਦੇਖਿਆ ਜਾ ਸਕਦਾ ਹੈ, ਜਿੱਥੇ ਹਰ ਪਾਸੇ ਮਲਬੇ ਦੇ ਢੇਰ ਨਜ਼ਰ ਆ ਰਹੇ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਨੁਮਾਨ ਲਗਾਇਆ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੀ ਜ਼ਿਆਦਾ ਹੋ ਸਕਦੀ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਸਹਿਮ ਦਾ ਮਾਹੌਲ ਹੈ।
ਮੌਤਾਂ ਦੇ ਹੈਰਾਨ ਕਰਨ ਵਾਲੇ ਅੰਕੜੇ ਆ ਸਕਦੇ ਸਾਹਮਣੇ!
ਯੂਐਸਜੀਐਸ (USGS) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਭਿਆਨਕ ਕੁਦਰਤੀ ਆਫ਼ਤ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਣ ਦਾ ਖਦਸ਼ਾ ਹੈ। ਸ਼ੁਰੂਆਤੀ ਅਨੁਮਾਨਾਂ ਮੁਤਾਬਕ, ਮ੍ਰਿਤਕਾਂ ਦੀ ਗਿਣਤੀ 10,000 ਤੋਂ 1,00,000 ਦੇ ਵਿਚਕਾਰ ਹੋ ਸਕਦੀ ਹੈ। ਭਾਵੇਂ ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕਾਂ ਜਾਂ ਜ਼ਖਮੀਆਂ ਦੇ ਅੰਕੜਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਸਥਾਨਕ ਪ੍ਰਸ਼ਾਸਨ ਅਤੇ ਚਸ਼ਮਦੀਦਾਂ ਵੱਲੋਂ ਮਿਲ ਰਹੀ ਜਾਣਕਾਰੀ ਬੇਹੱਦ ਚਿੰਤਾਜਨਕ ਹੈ। ਹਰ ਪਾਸੇ ਇਮਾਰਤਾਂ ਦੇ ਡਿੱਗਣ, ਬਚਾਅ ਕਾਰਜਾਂ ਵਿੱਚ ਆ ਰਹੀਆਂ ਦਿੱਕਤਾਂ ਅਤੇ ਜ਼ਖਮੀਆਂ ਦੀ ਵਧਦੀ ਗਿਣਤੀ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ, ਜੋ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।
ਯੂਐਸ ਜੀਓਲੋਜੀਕਲ ਸਰਵੇ (USGS) ਦੇ ਅਨੁਸਾਰ, ਇਸ ਖੇਤਰ ਵਿੱਚ ਆਏ ਪਹਿਲੇ ਭੂਚਾਲ ਦੀ ਤੀਬਰਤਾ 7.1 ਸੀ, ਜਿਸਦਾ ਕੇਂਦਰ ਕੈਰੇਬੀਅਨ ਤੱਟ 'ਤੇ ਸਥਿਤ ਮੋਰੋਨ ਬਸਤੀ ਦੇ ਪੱਛਮ ਵੱਲ ਸੀ। ਇਹ ਕੇਂਦਰ ਰਾਜਧਾਨੀ ਕਾਰਾਕਸ ਤੋਂ ਲਗਭਗ 168 ਕਿਲੋਮੀਟਰ ਦੂਰ ਸੀ ਅਤੇ ਇਸਦੀ ਡੂੰਘਾਈ 13 ਕਿਲੋਮੀਟਰ ਦਰਜ ਕੀਤੀ ਗਈ ਸੀ। ਇਸਦੇ ਤੁਰੰਤ ਬਾਅਦ ਆਏ ਦੂਜੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ, ਜਿਸਦਾ ਕੇਂਦਰ ਮੋਰੋਨ ਤੋਂ 16 ਕਿਲੋਮੀਟਰ ਦੱਖਣ-ਪੱਛਮ ਵੱਲ ਅਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੀ ਇੱਕ ਸਦੀ ਵਿੱਚ ਇਸ ਖੇਤਰ ਵਿੱਚ ਆਉਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇਹ ਇੱਕ ਹੈ।
ਇਸ ਵਜ੍ਹਾ ਕਰਕੇ ਮਹਿਸੂਸ ਹੁੰਦੇ ਤੇਜ਼ ਝਟਕੇ
ਇਸ ਭੂਚਾਲ ਦੇ ਇੰਨੇ ਭਿਆਨਕ ਹੋਣ ਦਾ ਮੁੱਖ ਕਾਰਨ ਇਸਦੀ ਘੱਟ ਡੂੰਘਾਈ ਹੈ। ਦੋਵੇਂ ਭੂਚਾਲ ਜ਼ਮੀਨੀ ਸਤ੍ਹਾ ਤੋਂ ਸਿਰਫ਼ 10 ਤੋਂ 13 ਕਿਲੋਮੀਟਰ ਦੀ ਡੂੰਘਾਈ 'ਤੇ ਆਏ, ਜਿਸ ਨੂੰ ਭੂਚਾਲ ਵਿਗਿਆਨ ਵਿੱਚ ਬਹੁਤ ਘੱਟ ਮੰਨਿਆ ਜਾਂਦਾ ਹੈ। ਜਦੋਂ ਭੂਚਾਲ ਦਾ ਕੇਂਦਰ ਸਤ੍ਹਾ ਦੇ ਇੰਨਾ ਨੇੜੇ ਹੁੰਦਾ ਹੈ, ਤਾਂ ਧਰਤੀ ਉੱਤੇ ਝਟਕੇ ਬਹੁਤ ਜ਼ਿਆਦਾ ਤੇਜ਼ ਮਹਿਸੂਸ ਹੁੰਦੇ ਹਨ ਕਿਉਂਕਿ ਭੂਚਾਲ ਦੀ ਊਰਜਾ ਨੂੰ ਸਤ੍ਹਾ ਤੱਕ ਪਹੁੰਚਣ ਲਈ ਬਹੁਤ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਨਾਲ ਊਰਜਾ ਦਾ ਨੁਕਸਾਨ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਕਾਰਾਕਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਮਾਰਤਾਂ ਬੁਰੀ ਤਰ੍ਹਾਂ ਹਿੱਲ ਗਈਆਂ ਅਤੇ ਕਈ ਢਹਿ-ਢੇਰੀ ਹੋ ਗਈਆਂ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ 'ਆਫਟਰਸ਼ੌਕਸ' (ਭੂਚਾਲ ਦੇ ਬਾਅਦ ਦੇ ਝਟਕੇ) ਆ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਪਹਿਲਾਂ ਨਾਲੋਂ ਵੀ ਤੇਜ਼ ਹੋ ਸਕਦੇ ਹਨ।
ਐਮਰਜੈਂਸੀ ਦਾ ਐਲਾਨ
ਵੈਨੇਜ਼ੁਏਲਾ ਵਿੱਚ ਇਸ ਭਿਆਨਕ ਕੁਦਰਤੀ ਆਫ਼ਤ ਤੋਂ ਬਾਅਦ ਦੇਸ਼ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਹ ਜਲਦੀ ਹੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਡੇਲਸੀ ਰੋਡਰਿਗਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ, "ਧਿਆਨ ਦਿਓ, ਮੈਂ ਜਲਦੀ ਹੀ ਵੈਨੇਜ਼ੁਏਲਾ ਦੇ ਨਾਗਰਿਕਾਂ ਨੂੰ ਸੰਬੋਧਨ ਕਰਾਂਗੀ ਅਤੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਦੀ ਸਥਿਤੀ ਬਾਰੇ ਰਿਪੋਰਟ ਦੇਵਾਂਗੀ।"