ਬ੍ਰਿਟਿਸ਼ ਸੰਸਦ 'ਚ ਜਗਤਾਰ ਸਿੰਘ ਜੌਹਲ ਦੀ ਘਰ ਵਾਪਸੀ ਦਾ ਮੁੱਦਾ ਉੱਠਿਆ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜਲਦ ਹੱਲ ਦੀ ਕੀਤੀ ਮੰਗ

ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਮਾਮਲੇ ਨੂੰ ਲੈ ਕੇ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤ ਵਿੱਚ ਲਗਭਗ 9 ਸਾਲ ਦੀ ਹਿਰਾਸਤ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ ਜੌਹਲ ਦੀ ਘਰ ਵਾਪਸੀ ਦਾ ਮੁੱਦਾ ਉਨ੍ਹਾਂ ਨੇ ਚੁੱਕਿਆ।

By:  Lajwinder Kaur October 16th 2026 05:41 PM -- Updated: October 16th 2026 06:03 PM

ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਮਾਮਲੇ ਨੂੰ ਲੈ ਕੇ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤ ਵਿੱਚ ਲਗਭਗ 9 ਸਾਲ ਦੀ ਹਿਰਾਸਤ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ ਜੌਹਲ ਦੀ ਘਰ ਵਾਪਸੀ ਦਾ ਮੁੱਦਾ ਉਨ੍ਹਾਂ ਨੇ ਚੁੱਕਿਆ। 

ਤਨਮਨਜੀਤ ਸਿੰਘ ਢੇਸੀ ਨੇ ਆਪਣੇ ਬਿਆਨ ਵਿੱਚ ਆਖਿਆ

"ਸਲੋ (Slough)ਤੋਂ ਮੇਰੇ ਕਈ ਹਲਕਾ ਵਾਸੀ ਅਤੇ ਮੈਂ ਖੁਦ ਜਗਤਾਰ ਸਿੰਘ ਜੌਹਲ ਦੇ ਮਾਮਲੇ ਨੂੰ ਬਹੁਤ ਡੂੰਘੀ ਚਿੰਤਾ ਨਾਲ ਦੇਖਦੇ ਆ ਰਹੇ ਹਾਂ। ਭਾਰਤ ਵਿੱਚ 9 ਲੰਬੇ ਸਾਲਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਸ ਦਾ ਪ੍ਰੇਸ਼ਾਨ ਪਰਿਵਾਰ ਉਸ ਨੂੰ ਜਲਦੀ ਤੋਂ ਜਲਦੀ ਆਪਣੇ ਘਰ ਵਾਪਸ ਦੇਖਣਾ ਚਾਹੁੰਦਾ ਹੈ। ਇਹ ਮਾਮਲਾ ਬਹੁਤ ਜ਼ਿਆਦਾ ਲੰਬਾ ਖਿੱਚਿਆ ਗਿਆ ਹੈ ਅਤੇ ਹੁਣ ਇਸ ਦਾ ਜਲਦੀ ਤੋਂ ਜਲਦੀ ਨਬੇੜਾ ਕੀਤਾ ਜਾਣਾ ਚਾਹੀਦਾ ਹੈ।"

ਜ਼ਮਾਨਤ ਮਿਲਣ ਤੋਂ ਬਾਅਦ ਪਰਿਵਾਰ ਅਜੇ ਵੀ ਨਿਰਾਸ਼

ਉਨ੍ਹਾਂ ਕਿਹਾ ਕਿ ਜੌਹਲ ਨੂੰ ਜ਼ਮਾਨਤ ਮਿਲਣਾ ਰਾਹਤ ਦੀ ਗੱਲ ਹੈ, ਪਰ ਉਨ੍ਹਾਂ ਦਾ ਪਰਿਵਾਰ ਅਜੇ ਵੀ ਪਰੇਸ਼ਾਨੀ ਅਤੇ ਅਨਿਸ਼ਚਿਤਤਾ ਵਿੱਚੋਂ ਲੰਘ ਰਿਹਾ ਹੈ। ਪਰਿਵਾਰ ਆਪਣੇ ਪਿਆਰੇ ਦੀ ਘਰ ਵਾਪਸੀ ਦੀ ਉਡੀਕ ਕਰ ਰਿਹਾ ਹੈ। ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਦਾ ਜਲਦੀ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਜਗਤਾਰ ਸਿੰਘ ਜੌਹਲ ਦੇ ਮਾਮਲੇ 'ਤੇ ਬ੍ਰਿਟਿਸ਼ ਸੰਸਦ ਵਿੱਚ ਚਰਚਾ

15 ਅਕਤੂਬਰ 2026 ਨੂੰ ਬ੍ਰਿਟਿਸ਼ ਸੰਸਦ ਵਿੱਚ ਜਗਤਾਰ ਸਿੰਘ ਜੌਹਲ ਦੇ ਮਾਮਲੇ 'ਤੇ ਚਰਚਾ ਹੋਈ। ਇਸ ਦੌਰਾਨ ਸੰਸਦ ਮੈਂਬਰ ਡਗਲਸ ਮੈਕਐਲਿਸਟਰ ਨੇ ਉਨ੍ਹਾਂ ਦੀ ਘਰ ਵਾਪਸੀ ਲਈ ਕੂਟਨੀਤਕ ਪੱਧਰ 'ਤੇ ਯਤਨ ਤੇਜ਼ ਕਰਨ ਦੀ ਮੰਗ ਕੀਤੀ। ਤਨਮਨਜੀਤ ਸਿੰਘ ਢੇਸੀ ਨੇ ਵੀ ਇਸ ਮਾਮਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੌਹਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। 

ਢੇਸੀ ਨੇ ਕਿਹਾ ਕਿ ਲਗਭਗ ਨੌਂ ਸਾਲਾਂ ਤੱਕ ਬਿਨਾਂ ਕਿਸੇ ਅੰਤਿਮ ਫ਼ੈਸਲੇ ਦੇ ਹਿਰਾਸਤ ਵਿੱਚ ਰਹਿਣਾ ਬੇਹੱਦ ਮੁਸ਼ਕਲ ਤਜਰਬਾ ਰਿਹਾ ਹੈ। ਉਨ੍ਹਾਂ ਮੁਤਾਬਕ ਜ਼ਮਾਨਤ ਮਿਲਣਾ ਇੱਕ ਅਹਿਮ ਕਦਮ ਹੈ, ਪਰ ਇਸ ਨਾਲ ਮਾਮਲਾ ਖ਼ਤਮ ਨਹੀਂ ਹੋਇਆ। 

2017 ਵਿੱਚ ਹੋਈ ਸੀ ਜਗਤਾਰ ਸਿੰਘ ਜੌਹਲ ਦੀ ਗ੍ਰਿਫ਼ਤਾਰੀ

ਸਕਾਟਲੈਂਡ ਦੇ ਡੰਬਰਟਨ ਵਿੱਚ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਨਵੰਬਰ 2017 ਵਿੱਚ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤੀ ਜਾਂਚ ਏਜੰਸੀਆਂ ਨੇ ਉਨ੍ਹਾਂ 'ਤੇ ਕਥਿਤ ਅੱਤਵਾਦੀ ਗਤੀਵਿਧੀਆਂ ਅਤੇ ਪੰਜਾਬ ਵਿੱਚ ਹੋਏ ਕੁਝ ਕਤਲਾਂ ਨਾਲ ਸਬੰਧਤ ਦੋਸ਼ ਲਗਾਏ ਹਨ। ਜੌਹਲ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਹਿਰਾਸਤ ਦੌਰਾਨ ਤਸ਼ੱਦਦ ਕੀਤੇ ਜਾਣ ਦੇ ਦੋਸ਼ ਵੀ ਲਗਾਏ ਹਨ। 

ਦਿੱਲੀ ਹਾਈ ਕੋਰਟ ਨੇ 18 ਸਤੰਬਰ 2026 ਨੂੰ ਕੌਮੀ ਜਾਂਚ ਏਜੰਸੀ (NIA) ਨਾਲ ਸਬੰਧਤ ਸੱਤ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ। ਇਸ ਤੋਂ ਬਾਅਦ ਉਹ 1 ਅਕਤੂਬਰ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ। ਹਾਲਾਂਕਿ, ਉਨ੍ਹਾਂ ਖ਼ਿਲਾਫ਼ ਅੱਠ ਹੋਰ ਮਾਮਲੇ ਅਜੇ ਵੀ ਅਦਾਲਤਾਂ ਵਿੱਚ ਲੰਬਿਤ ਹਨ। ਜ਼ਮਾਨਤ ਦੀਆਂ ਸ਼ਰਤਾਂ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਕਾਰਨ ਉਹ ਫਿਲਹਾਲ ਸਕਾਟਲੈਂਡ ਸਥਿਤ ਆਪਣੇ ਘਰ ਵਾਪਸ ਨਹੀਂ ਜਾ ਸਕਦੇ। 

ਬ੍ਰਿਟਿਸ਼ ਸਰਕਾਰ ਨੇ ਕੀ ਕਿਹਾ?

ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੇ ਮੰਤਰੀ ਕ੍ਰਿਸ ਐਲਮੋਰ ਨੇ ਸੰਸਦ ਵਿੱਚ ਕਿਹਾ ਕਿ ਜੌਹਲ ਦੀ ਜ਼ਮਾਨਤ ਇੱਕ ਅਹਿਮ ਤਰੱਕੀ ਹੈ, ਪਰ ਉਨ੍ਹਾਂ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਜੌਹਲ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੌਂਸਲਰ ਸਹਾਇਤਾ ਦਿੱਤੀ ਜਾਂਦੀ ਰਹੇਗੀ।

ਬ੍ਰਿਟਿਸ਼ ਸਰਕਾਰ ਨੇ ਇਹ ਵੀ ਕਿਹਾ ਕਿ ਜੌਹਲ ਦੀ ਲੰਬੀ ਹਿਰਾਸਤ, ਤਸ਼ੱਦਦ ਅਤੇ ਮਾੜੇ ਸਲੂਕ ਦੇ ਦੋਸ਼ਾਂ ਅਤੇ ਨਿਰਪੱਖ ਸੁਣਵਾਈ ਦੇ ਅਧਿਕਾਰ ਬਾਰੇ ਚਿੰਤਾਵਾਂ ਭਾਰਤੀ ਅਧਿਕਾਰੀਆਂ ਕੋਲ ਉਠਾਈਆਂ ਗਈਆਂ ਹਨ। ਸਰਕਾਰ ਨੇ ਬਾਕੀ ਮਾਮਲਿਆਂ ਦਾ ਭਾਰਤ ਦੀ ਨਿਆਂ ਪ੍ਰਣਾਲੀ ਅੰਦਰ ਜਲਦੀ ਨਿਪਟਾਰਾ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। 

ਪਰਿਵਾਰ ਨੂੰ ਅਜੇ ਵੀ ਘਰ ਵਾਪਸੀ ਦੀ ਉਡੀਕ

ਜਗਤਾਰ ਸਿੰਘ ਜੌਹਲ ਦੀ ਜੇਲ੍ਹ ਤੋਂ ਰਿਹਾਈ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ, ਪਰ ਕਾਨੂੰਨੀ ਲੜਾਈ ਅਜੇ ਜਾਰੀ ਹੈ। ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਲੰਬਿਤ ਮਾਮਲਿਆਂ ਦਾ ਜਲਦੀ ਹੱਲ ਕੱਢਿਆ ਜਾਵੇ, ਤਾਂ ਜੋ ਜੌਹਲ ਆਪਣੇ ਪਰਿਵਾਰ ਕੋਲ ਵਾਪਸ ਪਰਤ ਸਕਣ। ਫਿਲਹਾਲ ਉਨ੍ਹਾਂ ਦੀ ਘਰ ਵਾਪਸੀ ਬਾਕੀ ਮਾਮਲਿਆਂ ਅਤੇ ਜ਼ਮਾਨਤ ਦੀਆਂ ਸ਼ਰਤਾਂ 'ਤੇ ਨਿਰਭਰ ਕਰਦੀ ਹੈ।

© Copyright Galactic Television & Communications Pvt. Ltd. 2026. All rights reserved.