ਇੰਗਲੈਂਡ 'ਚ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਸਮਾਗਮ ਸੰਪੰਨ ਸ਼ਰਧਾ ਤੇ ਸਤਿਕਾਰ ਨਾਲ ਸਜਿਆ ਵਿਸ਼ਾਲ ਨਗਰ ਕੀਰਤਨ, ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ
ਇੰਗਲੈਂਡ ਦੇ ਬਾਬੇ ਕੇ ਫਾਰਮ ਵਿਖੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਚੱਲ ਰਹੇ 9 ਰੋਜ਼ਾ ਸਾਲਾਨਾ ਬਰਸੀ ਸਮਾਗਮ ਪੂਰੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਸੰਪੰਨ ਹੋ ਗਏ ਹਨ। ਸਮਾਗਮਾਂ ਦੇ ਆਖਰੀ ਦਿਨ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਦੌਰਾਨ ਸੰਗਤਾਂ ਨੇ ਵੱਧ-ਚੜ੍ਹ ਕੇ ਹਾਜ਼ਰੀ ਭਰੀ।
ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇੰਗਲੈਂਡ ਦੇ ਬਾਬੇ ਕੇ ਫਾਰਮ ਵਿਖੇ ਚੱਲ ਰਹੇ 9 ਰੋਜ਼ਾ ਸਾਲਾਨਾ ਬਰਸੀ ਸਮਾਗਮ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਸੰਪੰਨ ਹੋ ਗਏ। ਸਮਾਗਮਾਂ ਦੇ ਆਖਰੀ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਖਰੀ ਲੜੀ ਦੇ 24 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਵਿਸ਼ਾਲ ਰਾਗੀ, ਢਾਡੀ ਅਤੇ ਕੀਰਤਨੀ ਦਰਬਾਰ ਸਜਾਇਆ ਗਿਆ।
ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ
ਬਰਸੀ ਸਮਾਗਮਾਂ ਦੇ ਆਖਰੀ ਦਿਨ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਨਗਰ ਕੀਰਤਨ
ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਸੰਗਤਾਂ ਨੂੰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਇਸ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਸਮਾਗਮ ਵਾਲੇ ਸਥਾਨ ਤੋਂ ਆਰੰਭ ਹੋ ਕੇ ਬਾਬੇ ਕੇ ਫਾਰਮ ਦੇ ਚੁਫੇਰਿਓਂ ਹੁੰਦਾ ਹੋਇਆ ਮੁੜ ਸਮਾਗਮ ਵਾਲੇ ਸਥਾਨ ’ਤੇ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ, ਜਦਕਿ ਗੁਰਬਾਣੀ ਦੇ ਜਾਪ ਅਤੇ ਨਾਮ-ਸਿਮਰਨ ਨਾਲ ਸਮੁੱਚਾ ਮਾਹੌਲ ਰੂਹਾਨੀ ਰੰਗ ਵਿੱਚ ਰੰਗਿਆ ਰਿਹਾ।
ਦੇਸ਼-ਵਿਦੇਸ਼ ਤੋਂ ਪੁੱਜੇ ਸੰਤ ਮਹਾਂਪੁਰਸ਼ ਅਤੇ ਪ੍ਰਮੁੱਖ ਸ਼ਖ਼ਸੀਅਤਾਂ
ਬਰਸੀ ਸਮਾਗਮਾਂ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਸੰਤ ਬਾਬਾ ਜਗਜੀਤ ਸਿੰਘ ਲੋਪੋ, ਬਾਬਾ ਹਰਜੀਤ ਸਿੰਘ ਮਹਿਤਾ ਚੌਕ ਅਤੇ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਸਮੇਤ ਪੰਜਾਬ, ਅਮਰੀਕਾ ਅਤੇ ਕੈਨੇਡਾ ਤੋਂ ਪੁੱਜੇ ਵੱਖ-ਵੱਖ ਸੰਤ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਜੀਵਨ, ਗੁਰੂ ਘਰ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਅਤੇ ਨਾਮ-ਸਿਮਰਨ ਦੀ ਮਹਿਮਾ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਬਾਣੀ, ਸੇਵਾ ਤੇ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਪ੍ਰਬੰਧਕਾਂ ਵੱਲੋਂ ਸਮਾਗਮਾਂ ਵਿੱਚ ਪੁੱਜੇ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲਬੀਰ ਸਿੰਘ ਬਲਿੰਗ, ਗੁਰਸੇਵਕ ਸਿੰਘ ਚੀਮਾ ਮੋਗਾ, ਕੁਲਦੀਪ ਸਿੰਘ ਨੂਰ ਮਹਿਲ, ਚਰਨਜੀਤ ਸਿੰਘ ਚੰਨੀ ਖਰੜ, ਜਸਪਾਲ ਸਿੰਘ ਸ਼ਾਹਕੋਟ, ਤਜਿੰਦਰ ਸਿੰਘ ਸੱਗੂ ਕੋਟਕਪੂਰਾ ਅਤੇ ਡਾ. ਓਮ ਨਰੈਣ ਦੂਬੇ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। 9 ਰੋਜ਼ਾ ਬਰਸੀ ਸਮਾਗਮਾਂ ਦੌਰਾਨ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਤਨ-ਮਨ ਨਾਲ ਵੱਖ-ਵੱਖ ਸੇਵਾਵਾਂ ਨਿਭਾਈਆਂ ਗਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮਾਂ ਦੀ ਸਮਾਪਤੀ ਮੌਕੇ ਟਰੱਸਟੀਆਂ ਸਵਰਨ ਸਿੰਘ ਸੈਬੀ, ਜਸਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਜੰਡੂ, ਜਸਵੰਤ ਸਿੰਘ ਸੈਮੀ ਅਤੇ ਤਜਿੰਦਰ ਸਿੰਘ ਕਟੌੜਾ ਨੇ ਸਮਾਗਮਾਂ ਵਿੱਚ ਪੁੱਜੇ ਸੰਤ ਮਹਾਂਪੁਰਸ਼ਾਂ, ਦੇਸ਼-ਵਿਦੇਸ਼ ਦੀਆਂ ਸੰਗਤਾਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ 9 ਰੋਜ਼ਾ ਬਰਸੀ ਸਮਾਗਮਾਂ ਨੂੰ ਸਫਲ ਬਣਾਉਣ ਲਈ ਦਿਨ-ਰਾਤ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
(ਇੰਗਲੈਂਡ ਤੋਂ ਸੁਖਜਿੰਦਰ ਸਿੰਘ ਦੀ ਖਾਸ ਰਿਪੋਰਟ)