Plane Crash: ਉਡਾਣ ਦੌਰਾਨ ਜਹਾਜ਼ ‘ਚ ਅਚਾਨਕ ਧਮਾਕਾ, ਸੰਤੁਲਨ ਵਿਗੜਿਆ ਸਿੱਧਾ ਜ਼ਮੀਨ 'ਤੇ ਡਿੱਗਿਆ, ਦੋਵੇਂ ਪਾਇਲਟਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਪਾਇਲਟਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਆਸਮਾਨ ਚ ਧਮਾਕਾ ਹੋਇਆ ਤੇ ਜਹਾਜ਼ ਸਿੱਧਾ ਧਰਤੀ ਉੱਤੇ ਆ ਡਿੱਗਿਆ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ-ਦਫੜੀ ਮੱਚੀ ਗਈ।

By:  Lajwinder Kaur August 27th 2026 04:52 PM -- Updated: August 27th 2026 04:57 PM

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਗੰਗਾ ਬੈਰਾਜ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਟ੍ਰੇਨਿੰਗ ਏਅਰਕ੍ਰਾਫਟ (ਸਿਖਲਾਈ ਜਹਾਜ਼) ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ, ਇਸ ਭਿਆਨਕ ਹਾਦਸੇ ਵਿੱਚ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ ਹੈ। ਹਾਦਸੇ ਦਾ ਸ਼ਿਕਾਰ ਹੋਇਆ ਇਹ ਜਹਾਜ਼ ਕਿਸੇ ਨਿੱਜੀ ਕੰਪਨੀ ਦਾ ਦੱਸਿਆ ਜਾ ਰਿਹਾ ਹੈ ਜਿਸਦੀ ਵਰਤੋਂ ਟ੍ਰੇਨਿੰਗ ਲਈ ਕੀਤੀ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਰਾਹਤ-ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਹਾਜ਼ ‘ਚ ਅਚਾਨਕ ਧਮਾਕਾ, ਸਿੱਧਾ ਡਿੱਗਿਆ ਜ਼ਮੀਨ ‘ਤੇ

ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਅਤੇ ਸਥਾਨਕ ਲੋਕਾਂ ਤੇ ਬਚਾਅ ਦਲ ਵੱਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਇਹ ਹਾਦਸਾ ਗੰਗਾ ਦੇ ਕਿਨਾਰੇ ਵਸੇ ਨੱਥਾ ਪਿੰਡ ਦੇ ਨੇੜੇ ਵਾਪਰਿਆ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਡਾਣ ਦੌਰਾਨ ਜਹਾਜ਼ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਇਸਦਾ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਇਹ ਜ਼ਮੀਨ 'ਤੇ ਆ ਡਿੱਗਿਆ।

ਮੌਕੇ 'ਤੇ ਪਹੁੰਚੀਆਂ ਪੁਲਿਸ ਦੀਆਂ ਟੀਮਾਂ

ਮੌਕੇ ’ਤੇ ਪਹੁੰਚੇ ਕਾਨਪੁਰ ਪੁਲਿਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਜਹਾਜ਼ ਨੇ ਚਕੇਰੀ ਸਥਿਤ ਗਰਗ ਐਵੀਏਸ਼ਨ ਟ੍ਰੇਨਿੰਗ ਸੈਂਟਰ ਤੋਂ ਉਡਾਣ ਭਰੀ ਸੀ। ਕਰੀਬ 20 ਮਿੰਟ ਬਾਅਦ ਇਹ 39 ਕਿਲੋਮੀਟਰ ਦੂਰ ਨਾਥਪੁਰਵਾ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਪਾਇਲਟ ਕੋਲ ਲਗਭਗ 3000 ਘੰਟਿਆਂ ਦਾ ਉਡਾਣ ਦਾ ਤਜਰਬਾ ਸੀ। ਘਟਨਾ ਦੀ ਜਾਣਕਾਰੀ ਡੀਜੀਸੀਏ (DGCA) ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰੇਗੀ।


© Copyright Galactic Television & Communications Pvt. Ltd. 2026. All rights reserved.