ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ: ਦੋਸਤ ਹੀ ਕਰ ਗਿਆ ਯਾਰਮਾਰ, ਠਾਹ-ਠਾਹ ਮਾਰੀਆਂ ਗੋਲੀਆਂ

ਤਰਨਤਾਰਨ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕਿਸੇ ਹੋਰ ਨਹੀਂ ਸਗੋਂ ਪੱਕੇ ਦੋਸਤ ਵੱਲੋਂ ਕੀਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਿਹਾ ਹੈ ਅਤੇ ਮੁਲਜ਼ਮ ਦੀ ਭਾਲ ਕਰ ਰਹੇ ਹਨ।

By:  Lajwinder Kaur August 12th 2026 04:44 PM -- Updated: August 12th 2026 04:56 PM

ਪੰਜਾਬ ਦੇ ਤਰਨਤਾਰਨ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬੂਹ ਹਵੇਲੀਆਂ ਦੇ ਛੋਟੇ ਭਰਾ ਦਾ ਉਸਦੇ ਹੀ ਘਰ ਵਿੱਚ ਇੱਕ ਦੋਸਤ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਦੋਸਤ ਮ੍ਰਿਤਕ ਦਾ ਲਾਇਸੈਂਸੀ ਪਿਸਤੌਲ ਲੈ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ।

ਘਰ ਦੇ ਕਮਰੇ ਵਿੱਚ ਸੁੱਤੇ ਪਏ ਸਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ, ਭਾਰਤੀ ਕਿਸਾਨ ਯੂਨੀਅਨ ਮਜੈਲ ਗਰੁੱਪ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦਾ 35 ਸਾਲਾ ਛੋਟਾ ਭਰਾ ਸਤਪਾਲ ਸਿੰਘ ਉਰਫ਼ ਪਾਲਾ ਪੁੱਤਰ ਬਲਬੀਰ ਸਿੰਘ, ਜੋ ਕਿ ਪਿੰਡ ਬੂਹ ਹਵੇਲੀਆਂ ਦਾ ਰਹਿਣ ਵਾਲਾ ਹੈ, ਆਪਣੇ ਕਰੀਬੀ ਦੋਸਤ ਲਵਪ੍ਰੀਤ ਸਿੰਘ ਵਾਸੀ ਕੋਟ ਬੁੱਢਾ ਨਾਲ ਘਰ ਦੇ ਇੱਕ ਕਮਰੇ ਵਿੱਚ ਸੁੱਤਾ ਪਿਆ ਸੀ। ਲਵਪ੍ਰੀਤ ਸਿੰਘ ਮ੍ਰਿਤਕ ਦਾ ਬਹੁਤ ਪੱਕਾ ਦੋਸਤ ਸੀ ਅਤੇ ਅਕਸਰ ਉਸ ਦੇ ਨਾਲ ਹੀ ਰਹਿੰਦਾ ਸੀ।

ਅਚਾਨਕ ਰਾਤ ਨੂੰ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਨਾਲ ਪਰਿਵਾਰਕ ਮੈਂਬਰ ਡਰ ਗਏ। ਜਦੋਂ ਪਰਿਵਾਰ ਵਾਲਿਆਂ ਨੇ ਬਾਹਰ ਆ ਕੇ ਦੇਖਿਆ ਤਾਂ ਲਵਪ੍ਰੀਤ ਸਿੰਘ ਉਨ੍ਹਾਂ ਨੂੰ ਇਹ ਕਹਿੰਦਾ ਹੋਇਆ ਘਰੋਂ ਭੱਜ ਗਿਆ ਕਿ "ਘਰ ਵਿੱਚ ਬੰਦੇ ਪੈ ਗਏ ਹਨ।"

ਖ਼ੂਨ ਨਾਲ ਲਥਪਥ ਮਿਲਿਆ ਸਤਪਾਲ ਸਿੰਘ

ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਤਪਾਲ ਸਿੰਘ ਉਰਫ਼ ਪਾਲਾ ਬੈੱਡ ਉੱਪਰ ਖ਼ੂਨ ਨਾਲ ਲਥਪਥ ਹਾਲਤ ਵਿੱਚ ਡਿੱਗਿਆ ਪਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਲਿਆਉਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਦੋਸਤੀ ਦਾ ਰਿਸ਼ਤਾ ਹੋਇਆ ਤਾਰ-ਤਾਰ

ਮ੍ਰਿਤਕ ਸਤਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਵਿੱਚ ਡੂੰਘੀ ਦੋਸਤੀ ਸੀ ਅਤੇ ਲਵਪ੍ਰੀਤ ਅਕਸਰ 24 ਘੰਟੇ ਉਸ ਦੇ ਨਾਲ ਹੀ ਰਹਿੰਦਾ ਸੀ। ਪਰ ਇਸ ਖ਼ੌਫ਼ਨਾਕ ਵਾਰਦਾਤ ਨੇ ਦੋਸਤੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਵਿਚਕਾਰ ਅਜਿਹੀ ਕਿਹੜੀ ਗੱਲ ਹੋਈ ਜਿਸ ਨੇ ਇਸ ਖ਼ੂਨੀ ਕਤਲ ਦਾ ਰੂਪ ਧਾਰਨ ਕਰ ਲਿਆ।

© Copyright Galactic Television & Communications Pvt. Ltd. 2026. All rights reserved.