ਤਰਨ ਤਾਰਨ ਤੋਂ ਵੱਡੀ ਖਬਰ! 300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਸਬ-ਇੰਸਪੈਕਟਰ ਅਤੇ ਮਹਿਲਾ ਸਾਥੀ ਗ੍ਰਿਫ਼ਤਾਰ

By:  Lajwinder Kaur July 9th 2026 05:27 PM -- Updated: July 9th 2026 05:30 PM

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਤਰਨ ਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਥਾਣਾ ਖਾਲੜਾ ਵਿੱਚ ਤਾਇਨਾਤ ਇੱਕ ਸਬ-ਇੰਸਪੈਕਟਰ (ਐੱਸ.ਆਈ.) ਅਤੇ ਉਸਦੀ ਮਹਿਲਾ ਸਾਥੀ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਐੱਸਐੱਸਪੀ ਤਰਨ ਤਾਰਨ ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਸਬ-ਇੰਸਪੈਕਟਰ ਦੀ ਪਛਾਣ ਸਾਹਿਬ ਸਿੰਘ, ਵਾਸੀ ਪਿੰਡ ਮੱਜੂਪੁਰ ਵਜੋਂ ਹੋਈ ਹੈ, ਜੋ ਖਾਲੜਾ ਥਾਣੇ ਵਿੱਚ ਬਤੌਰ ਜਾਂਚ ਅਧਿਕਾਰੀ (IO) ਤਾਇਨਾਤ ਸੀ। ਉਸਦੀ ਮਹਿਲਾ ਸਾਥੀ ਦੀ ਪਛਾਣ ਕਿੰਦਰ ਕੌਰ ਵਜੋਂ ਹੋਈ ਹੈ, ਜੋ ਝਬਾਲ ਖੇਤਰ ਵਿੱਚ ਰਹਿ ਰਹੀ ਸੀ।

ਨਾਕਾਬੰਦੀ ਦੌਰਾਨ ਮਿਲੀ ਸਫਲਤਾ

ਪੁਲਿਸ ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਐੱਸਐੱਚਓ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਝਬਾਲ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਹੁੰਡਈ ਆਈ-20 ਕਾਰ (PB-02-CT-8126) ਨੂੰ ਰੋਕਿਆ ਗਿਆ, ਜਿਸ ਵਿੱਚ ਇਹ ਦੋਵੇਂ ਸਵਾਰ ਸਨ। ਡੀਐੱਸਪੀ ਸੁਖਬੀਰ ਸਿੰਘ ਦੀ ਹਾਜ਼ਰੀ ਵਿੱਚ ਜਦੋਂ ਤਲਾਸ਼ੀ ਲਈ ਗਈ, ਤਾਂ ਸਬ-ਇੰਸਪੈਕਟਰ ਦੀ ਜੇਬ ਵਿੱਚੋਂ 300 ਗ੍ਰਾਮ ਹੈਰੋਇਨ ਅਤੇ ਮਹਿਲਾ ਦੇ ਪਰਸ ਵਿੱਚੋਂ 1.27 ਲੱਖ ਰੁਪਏ ਬਰਾਮਦ ਹੋਏ।

ਪੁਲਿਸ ਦੀ 'ਜ਼ੀਰੋ ਟਾਲਰੈਂਸ' ਨੀਤੀ

ਐੱਸਐੱਸਪੀ ਲਾਂਬਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਾਮਲਾ ਦਰਜ

ਪੁਲਿਸ ਨੇ ਮੁਲਜ਼ਮਾਂ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਥਾਣਾ ਝਬਾਲ ਵਿਖੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐੱਫਆਈਆਰ ਨੰਬਰ 117/26 ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲਿਆਉਂਦੀ ਗਈ ਸੀ ਅਤੇ ਇਸ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹਨ।

© Copyright Galactic Television & Communications Pvt. Ltd. 2026. All rights reserved.