ਸ਼ੇਰ-ਏ-ਪੰਜਾਬ ਟੀ20: Amritsar Soormas ਦੀ ਸ਼ਾਨਦਾਰ ਪਹਿਲੀ ਜਿੱਤ, ਫਾਜ਼ਿਲਕਾ ਨੂੰ 7 ਵਿਕਟਾਂ ਨਾਲ ਹਰਾਇਆ, ਅਭਿਸ਼ੇਕ ਸ਼ਰਮਾ, ਨਮਨ ਧੀਰ ਅਤੇ ਅਭੈ ਚੌਧਰੀ ਰਹੇ ਮੈਚ ਦੇ ਹੀਰੋ

ਸ਼ੇਰ-ਏ-ਪੰਜਾਬ ਟੀ20 ਲੀਗ ਦੇ 7ਵੇਂ ਮੈਚ ਵਿੱਚ ਅੰਮ੍ਰਿਤਸਰ ਸੂਰਮਾਜ ਨੇ ਫਾਜ਼ਿਲਕਾ ਫਾਲਕਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।

By:  Lajwinder Kaur September 3rd 2026 11:06 AM -- Updated: September 3rd 2026 11:20 AM

ਸ਼ੇਰ-ਏ-ਪੰਜਾਬ ਟੀ20 ਲੀਗ ਦੇ 7ਵੇਂ ਮੈਚ ਵਿੱਚ ਅੰਮ੍ਰਿਤਸਰ ਸੂਰਮਾਜ ਨੇ ਫਾਜ਼ਿਲਕਾ ਫਾਲਕਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਪਹਿਲੇ ਮੈਚਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਹੈ।

ਫਾਜ਼ਿਲਕਾ ਫਾਲਕਨਜ਼ ਦਾ ਮਜ਼ਬੂਤ ਸਕੋਰ

ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਫਾਜ਼ਿਲਕਾ ਫਾਲਕਨਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾਈਆਂ। ਫਾਜ਼ਿਲਕਾ ਵੱਲੋਂ ਕਪਤਾਨ ਸੰਵੀਰ ਸਿੰਘ ਨੇ 63 ਦੌੜਾਂ (35 ਗੇਂਦਾਂ) ਅਤੇ ਵਿਹਾਨ ਮਲਹੋਤਰਾ ਨੇ 60 ਦੌੜਾਂ (34 ਗੇਂਦਾਂ) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਅੰਮ੍ਰਿਤਸਰ ਵੱਲੋਂ ਗੇਂਦਬਾਜ਼ੀ ਕਰਦਿਆਂ ਆਕਾਸ਼ ਪਾਂਡੇ, ਸਾਹਿਲ ਖ਼ਾਨ ਅਤੇ ਅਧੀਰਾਜ ਸਿੰਘ ਮੰਗਤ ਨੇ 2-2 ਵਿਕਟਾਂ ਹਾਸਲ ਕੀਤੀਆਂ।

ਅੰਮ੍ਰਿਤਸਰ ਦੀ ਮੁਸ਼ਕਲ ਸ਼ੁਰੂਆਤ

183 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅੰਮ੍ਰਿਤਸਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਅਭਿਸ਼ੇਕ ਸ਼ਰਮਾ ਨੇ ਮਹਿਜ਼ 9 ਗੇਂਦਾਂ ਵਿੱਚ 21 ਦੌੜਾਂ ਦੀ ਤੂਫਾਨੀ  ਪਾਰੀ ਖੇਡੀ, ਪਰ ਟੀਮ ਨੇ ਆਪਣੇ 3 ਮਹੱਤਵਪੂਰਨ ਖਿਡਾਰੀ ਸਿਰਫ਼ 39 ਦੌੜਾਂ 'ਤੇ ਹੀ ਗਵਾ ਲਏ ਸਨ। ਇਸ ਮੌਕੇ ਫਾਜ਼ਿਲਕਾ ਦੇ ਗੇਂਦਬਾਜ਼ ਮੈਚ ਵਿੱਚ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਹੇ ਸਨ।

ਨਮਨ ਧੀਰ ਅਤੇ ਅਭੈ ਚੌਧਰੀ ਦੀ ਰਿਕਾਰਡ ਸਾਂਝੇਦਾਰੀ

ਮੁਸ਼ਕਲ ਹਾਲਤ ਵਿੱਚੋਂ ਕੱਢਦਿਆਂ ਨਮਨ ਧੀਰ ਅਤੇ ਅਭੈ ਚੌਧਰੀ ਨੇ ਅਜੇਤੂ ਸਾਂਝੇਦਾਰੀ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਨਮਨ ਧੀਰ ਨੇ 48 ਗੇਂਦਾਂ ਵਿੱਚ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 88 ਦੌੜਾਂ ਬਣਾਈਆਂ। ਦੂਜੇ ਪਾਸੇ ਅਭੈ ਚੌਧਰੀ ਨੇ ਵੀ 35 ਗੇਂਦਾਂ ਵਿੱਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਅਜੇਤੂ ਸਾਂਝੇਦਾਰੀ ਕਰਦਿਆਂ ਟੀਮ ਨੂੰ 17.3 ਓਵਰਾਂ ਵਿੱਚ ਹੀ 3 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾ ਕੇ ਟੀਚੇ ਤੱਕ ਪਹੁੰਚਾ ਦਿੱਤਾ।

ਇਸ ਸ਼ਾਨਦਾਰ ਜਿੱਤ ਨਾਲ ਅੰਮ੍ਰਿਤਸਰ ਸੂਰਮਾਜ਼ ਦੇ ਖਿਡਾਰੀਆਂ ਦਾ ਹੌਸਲਾ ਕਾਫ਼ੀ ਵਧਿਆ ਹੈ ਅਤੇ ਟੀਮ ਆਉਣ ਵਾਲੇ ਮੈਚਾਂ ਵਿੱਚ ਇਸ ਜੇਤੂ ਲੈਅ ਨੂੰ ਜਾਰੀ ਰੱਖਣਾ ਚਾਹੇਗੀ।

© Copyright Galactic Television & Communications Pvt. Ltd. 2026. All rights reserved.