ਭਾਰਤ ਅਤੇ ਅਫਗਾਨਿਸਤਾਨ ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਇਸ ਸ਼ਖ਼ਸ ਨੇ BCCI ਨੂੰ ਸੌਂਪਿਆ ਅਸਤੀਫ਼ਾ

ਭਾਰਤ ਅਤੇ ਅਫਗਾਨਿਸਤਾਨ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਟੀਮ ਦੇ ਸਪੋਰਟ ਸਟਾਫ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਫਿਜ਼ੀਓ ਕਮਲੇਸ਼ ਜੈਨ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਦਿਆਂ ਆਪਣਾ ਤਿਆਗ ਪੱਤਰ ਸੌਂਪ ਦਿੱਤਾ ਹੈ।

By:  Lajwinder Kaur September 11th 2026 01:05 PM -- Updated: September 11th 2026 01:07 PM

ਭਾਰਤ ਅਤੇ ਅਫਗਾਨਿਸਤਾਨ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਪੋਰਟ ਸਟਾਫ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਫਿਜ਼ੀਓ ਕਮਲੇਸ਼ ਜੈਨ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਦਿਆਂ ਆਪਣਾ ਤਿਆਗ ਪੱਤਰ ਸੌਂਪ ਦਿੱਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇਹ ਤੀਜਾ ਵੱਡਾ ਬਦਲਾਅ ਹੈ, ਕਿਉਂਕਿ ਉਨ੍ਹਾਂ ਤੋਂ ਪਹਿਲਾਂ ਸਹਾਇਕ ਕੋਚ ਰਾਯਨ ਟੇਨ ਡੋਇਸ਼ੇ ਅਤੇ ਫੀਲਡਿੰਗ ਕੋਚ ਟੀ ਦਿਲੀਪ ਵੀ ਟੀਮ ਇੰਡੀਆ ਦਾ ਸਾਥ ਛੱਡ ਚੁੱਕੇ ਹਨ।

ਕ੍ਰਿਕਬਜ਼ ਦੇ ਅਨੁਸਾਰ, ਕਮਲੇਸ਼ ਜੈਨ ਇਸ ਸਮੇਂ ਨਵੀਂ ਦਿੱਲੀ ਵਿੱਚ ਟੀਮ ਇੰਡੀਆ ਦੇ ਨਾਲ ਹਨ, ਜਿੱਥੇ ਅਫਗਾਨਿਸਤਾਨ ਸੀਰੀਜ਼ ਦੇ ਤਿੰਨੋਂ ਮੈਚ ਖੇਡੇ ਜਾਣਗੇ। ਹਾਲਾਂਕਿ, ਉਨ੍ਹਾਂ ਨੇ ਬੋਰਡ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਬੀ.ਸੀ.ਸੀ.ਆਈ. ਨੇ ਅਜੇ ਤੱਕ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਆਪਣਾ 3 ਮਹੀਨੇ ਦਾ ਨੋਟਿਸ ਪੀਰੀਅਡ ਪੂਰਾ ਕਰ ਰਹੇ ਹਨ ਅਤੇ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ਵਿੱਚ ਉਹ ਆਖਰੀ ਵਾਰ ਟੀਮ ਇੰਡੀਆ ਦੇ ਨਾਲ ਨਜ਼ਰ ਆ ਸਕਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਕਮਲੇਸ਼ ਜੈਨ ਨੇ ਇਸ ਕਾਰਨ ਫਿਜ਼ੀਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਯਾਤਰਾ ਕਰਨੀ ਪੈਂਦੀ ਹੈ। ਹਾਲਾਂਕਿ ਬੀ.ਸੀ.ਸੀ.ਆਈ. ਨੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜੈਨ ਦੀ ਟੀਮ ਇੰਡੀਆ ਵਿੱਚ ਨਿਯੁਕਤੀ ਉਸ ਸਮੇਂ ਹੋਈ ਸੀ, ਜਦੋਂ ਰਾਹੁਲ ਦ੍ਰਾਵਿੜ ਹੈੱਡ ਕੋਚ ਹੁੰਦੇ ਸਨ। ਉਨ੍ਹਾਂ ਨੇ ਫਿਜ਼ੀਓ ਵਜੋਂ ਜੂਨ 2022 ਵਿੱਚ ਟੀਮ ਇੰਡੀਆ ਨੂੰ ਜੁਆਇਨ ਕੀਤਾ ਸੀ ਅਤੇ ਕਰੀਬ ਸਾਢੇ 4 ਸਾਲ ਤੱਕ ਟੀਮ ਨਾਲ ਜੁੜੇ ਰਹੇ।

ਦੋ ਮੈਂਬਰ ਪਹਿਲਾਂ ਹੀ ਜਾ ਚੁੱਕੇ ਹਨ

ਟੀਮ ਇੰਡੀਆ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ, ਜਿੱਥੇ ਸਪੋਰਟ ਸਟਾਫ਼ ਦੇ ਦੋ ਮੈਂਬਰ ਪਹਿਲਾਂ ਹੀ ਜਾ ਚੁੱਕੇ ਹਨ ਅਤੇ ਕਮਲੇਸ਼ ਜੈਨ ਇਸ ਸੂਚੀ ਵਿੱਚ ਤੀਜਾ ਨਾਮ ਬਣ ਗਏ ਹਨ। ਟੀਮ ਇੰਡੀਆ ਦਾ ਯੂ.ਕੇ. ਦੌਰਾ ਖ਼ਤਮ ਹੋਣ ਤੋਂ ਬਾਅਦ ਫੀਲਡਿੰਗ ਕੋਚ ਟੀ. ਦਿਲੀਪ ਜਾ ਚੁੱਕੇ ਹਨ ਅਤੇ ਲਗਭਗ ਉਸੇ ਸਮੇਂ ਸਹਾਇਕ ਕੋਚ ਰਾਯਨ ਟੇਨ ਡੋਇਸ਼ੇ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜੋ ਕਿ ਬਾਅਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜ ਚੁੱਕੇ ਹਨ।

ਕਮਲੇਸ਼ ਜੈਨ ਦੀ ਗੱਲ ਕਰੀਏ ਤਾਂ ਉਹ ਵੀ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ਨਿਤਿਨ ਪੈਟਲ ਦੀ ਜਗ੍ਹਾ ਲੈ ਕੇ ਫਿਜ਼ੀਓ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ ਸਾਢੇ ਚਾਰ ਸਾਲ ਬਾਅਦ ਟੀਮ ਇੰਡੀਆ ਵਿੱਚ ਫਿਜ਼ੀਓ ਦੀ ਨੌਕਰੀ ਛੱਡ ਰਹੇ ਹਨ।

© Copyright Galactic Television & Communications Pvt. Ltd. 2026. All rights reserved.